ਪਾਕਿ ਦੀ ਸੂਫ਼ੀ ਦਰਗਾਹ ਦੇ ਬਾਹਰ ਆਤਮਘਾਤੀ ਧਮਾਕੇ ‘ਚ 10 ਦੀ ਮੌਤ

ਲਾਹੌਰ (ਪੀਟੀਆਈ) : ਪਾਕਿਸਤਾਨ ਵਿਚ ਅੱਤਵਾਦੀਆਂ ਨੇ ਪਵਿੱਤਰ ਮਹੀਨੇ ਰਮਜ਼ਾਨ ‘ਚ ਪੰਜਾਬ ਸੂਬੇ ‘ਚ ਸਥਿਤ ਮਸ਼ਹੂਰ ਸੂਫ਼ੀ ਦਰਗਾਹ ਦਾਤਾ ਦਰਬਾਰ ਨੂੰ ਆਪਣਾ ਨਿਸ਼ਾਨਾ ਬਣਾਇਆ। 15 ਸਾਲ ਦੇ ਆਤਮਘਾਤੀ ਹਮਲਾਵਰ ਨੇ ਬੁੱਧਵਾਰ ਸਵੇਰੇ ਅੱਠ ਵੱਜ ਕੇ 45 ਮਿੰਟ ‘ਤੇ ਦਰਗਾਹ ਦੇ ਬਾਹਰ ਖ਼ੁਦ ਨੂੰ ਧਮਾਕੇ ਨਾਲ ਉੱਡਾ ਲਿਆ। ਇਸ ਹਮਲੇ ਵਿਚ ਪੰਜ ਪੁਲਿਸ ਕਮਾਂਡੋ ਸਮੇਤ 10 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 25 ਲੋਕ ਜ਼ਖ਼ਮੀ ਹੋ ਗਏ। ਚਾਰ ਪੁਲਿਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਤਵਾਦੀ ਜਮਾਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੋਂ ਅਲੱਗ ਹੋਏ ਧੜੇ ਜਮਾਤ-ਉਲ-ਅਹਿਰਾਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਦੋ ਸ਼ੱਕੀਆਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ। ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਆਰਿਫ ਨਵਾਜ਼ ਨੇ ਦੱਸਿਆ ਕਿ ਹਮਲਾਵਰ ਨੇ ਦਰਗਾਹ ਦੇ ਬਾਹਰ ਖੜ੍ਹੀ ਸੁਰੱਖਿਆ ਬਲਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿਚ ਕਰੀਬ ਸੱਤ ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਕਈ ਆਗੂਆਂ ਨੇ ਹਮਲੇ ਦੀ ਨਿੰਦਾ ਕੀਤੀ ਹੈ। ਪੰਜਾਬ ਦੇ ਕਾਨੂੰਨ ਮੰਤਰੀ ਬਸ਼ਰਤ ਰਜ਼ਾ ਨੇ ਇਸ ਨੂੰ ਕਾਇਰਤਾਪੂਰਣ ਹਮਲਾ ਦੱਸਿਆ ਹੈ।

ਦਾਤਾ ਦਰਬਾਰ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਸੂਫ਼ੀ ਦਰਗਾਹ ਹੈ। ਹਰ ਸਾਲ ਇਸ ਦਰਗਾਹ ‘ਚ ਹਜ਼ਾਰਾਂ ਲੋਕ ਆਉਂਦੇ ਹਨ। 2010 ਵਿਚ ਵੀ ਇਹ ਆਤਮਘਾਤੀ ਹਮਲੇ ਦਾ ਨਿਸ਼ਾਨਾ ਬਣੀ ਸੀ, ਤਦ 40 ਲੋਕਾਂ ਦੀ ਮੌਤ ਹੋਈ ਸੀ। ਹਮਲੇ ਪਿੱਛੋਂ ਦਰਗਾਹ ‘ਚ ਲੋਕਾਂ ਦੇ ਆਉਣ-ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਦਰਗਾਹ ਅੰਦਰ ਮੌਜੂਦ ਲੋਕਾਂ ਨੂੰ ਸੁਰੱਖਿਅਤ ਕੱਢਣ ਪਿੱਛੋਂ ਪੁਲਿਸ ਨੇ ਉਸ ਦੀ ਘੇਰਾਬੰਦੀ ਕਰ ਦਿੱਤੀ।

 

You May Also Like

Leave a Reply

Your email address will not be published. Required fields are marked *