ਪੈਂਟਾਗਨ ਅਧਿਕਾਰੀ ਦਾ ਦਾਅਵਾ: ਚੀਨ ਨੇ ਹਮਲਾ ਕਰ ਦਿੱਤਾ ਤਾਂ ਅਮਰੀਕਾ ਲਈ ਜਿੱਤਣਾ ਔਖਾ

ਵਾਸ਼ਿੰਗਟਨ, 17 ਮਈ – ਅਮਰੀਕਾ ਤੇ ਚੀਨ ਦੇ ਆਪਸੀ ਸਬੰਧ ਜਦੋਂ ਅੱਜ ਤੱਕ ਦੇ ਸਭ ਤੋਂ ਬੁਰੇ ਦੌਰ ਤੋਂ ਲੰਘ ਰਹੇ ਹਨ ਅਤੇ ਕੋਰੋਨਾ ਵਾਇਰਸ, ਵਪਾਰ, ਤਾਈਵਾਨ ਦੇ ਸਟੇਟਸ ਅਤੇ ਸਾਊਥ ਚਾਈਨਾ ਸੀਅ ਉੱਤੇ ਕੰਟਰੋਲ ਦੇ ਮਾਮਲੇ ਵਿੱਚ ਦੋਵੇਂ ਆਹਮੋ-ਸਾਹਮਣੇ ਖੜੇ ਹਨ, ਓਦੋਂ ਜੇ ਚੀਨ ਦੇ ਨਾਲ ਅਮਰੀਕਾ ਦਾ ਭੇੜ ਹੋਵੇ ਹੈ ਤਾਂ ਉਸ ਦੇ ਨਤੀਜੇ ਕੀ ਹੋਣਗੇ, ਇਸ ਬਾਰੇ ਲੀਕ ਹੋਈ ਪੈਂਟਾਗਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਲਈ ਇਸ ਜੰਗ ਵਿਚ ਜਿੱਤਣਾ ਆਸਾਨ ਨਹੀਂ। ਇਸ ਤੋਂ ਪਹਿਲਾਂ ਚੀਨੀ ਮਾਹਰਾਂ ਨੇ ਕਿਹਾ ਸੀ ਕਿ ਅਮਰੀਕਾ ਨਾਲ ਲੜਾਈ ਲਈ ਉਨ੍ਹਾਂ ਨੂੰ 100 ਨਿਊਕਲੀਅਰ ਵਾਰ-ਹੈੱਡ ਦੀ ਜ਼ਰੂਰਤ ਹੋ ਸਕਦੀ ਹੈ।
‘ਦਿ ਟਾਈਮਸ` ਅਖਬਾਰ ਨੂੰ ਇੱਕ ਅਮਰੀਕੀ ਫੌਜੀ ਸੂਤਰ ਨੇ ਦੱਸਿਆ ਕਿ ਜੇ ਚੀਨ ਦਾ ਹਮਲਾ ਹੋਇਆ ਤਾਂ ਇੰਡੋ ਪੈਸੇਫਿਕ ਖੇਤਰ ਵਿਚ ਅਮਰੀਕੀ ਕੈਰੀਅਰ ਬੈਟਲ ਗਰੁੱਪ ਅਤੇ ਬੇਸ ਉਸ ਨਾਲ ਨਜਿੱਠਣ ਦੀ ਸਥਿਤੀ ਵਿਚ ਨਹੀਂ ਹੋਣਗੇ। ਇਸ ਵਿਚ ਗੌਮ ਆਈਲੈਂਡ ਉੱਤੇ ਮੌਜੂਦ ਅਮਰੀਕਾ ਦਾ ਸਭ ਤੋਂ ਵੱਡਾ ਰਣਨੀਤਕ ਬੇਸ ਵੀ ਹੈ, ਜਿਥੋਂ ਬਾਮਰ ਲਾਂਚ ਕੀਤੇ ਜਾਂਦੇ ਹਨ। ਇਸ ਜਾਣਕਾਰ ਨੇ ਦੱਸਿਆ ਕਿ ਅਮਰੀਕੀ ਕੈਰੀਅਰ ਗਰੁੱਪ ਚੀਨੀ ਹਮਲਿਆਂ ਦਾ ਵਿਰੋਧ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਕੋਲ ਲੰਬੀ ਦੂਰੀ ਦੀਆਂ ਐਂਟੀ ਸ਼ਿਪ ਬੈਲੇਸਟਿਕ ਮਿਜ਼ਾਈਲਾਂ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਵੀ ਮੌਜੂਦ ਹਨ।
ਵਰਨਣ ਯੋਗ ਹੈ ਕਿ ਅਮਰੀਕਾ ਦੇ ਜੰਗੀ ਬੇੜੇ ਇਸ ਵੇਲੇ ਪੈਸੇਫਿਕ ਸਾਗਰ ਵਿਚ ਐਕਸਰਸਾਈਜ਼ ਕਰ ਰਹੇ ਹਨ। ਇਸ ਦੀ ਤਸਵੀਰ ਯੂ ਐਸ ਪੈਸੇਫਿਕ ਫਲੀਟ ਨੇ ਟਵੀਟ ਕੀਤੀ ਹੈ, ਜਿਸ ਵਿਚ ਯੂ ਐਸ ਐਸ ਪ੍ਰਿੰਸਟਨ, ਯੂ ਐਸ ਐਸ ਰਾਲਫ ਜਾਨਸਨ ਤੇ ਯੂ ਐਸ ਐਸ ਟੈਰੇਟ ਸ਼ਾਮਲ ਹਨ। ਇਨ੍ਹਾਂ ਨੇ ਨਿਮੀਟਜ਼ ਕੈਰੀਅਰ ਸਟਰਾਈਕ ਗਰੁੱਪ ਦੀ ਟ੍ਰੇਨਿੰਗ ਵਜੋਂ ਲਾਈਵ ਫਾਇਰ ਇਵੈਂਟ ਵਿਚ ਹਿੱਸਾ ਲਿਆ। ਚੀਨ ਨਾਲ ਤਣਾਅ ਦੇ ਦੌਰਾਨ ਅਮਰੀਕਾ ਪੂਰੀ ਤਿਆਰੀ ਕਰਦਾ ਰਿਹਾ ਹੈ।

You May Also Like

Leave a Reply

Your email address will not be published. Required fields are marked *