ਪੰਜਾਬੀਆਂ ਦੇ ਹਿੱਤਾਂ ਲਈ ਲੜਦਾ ਰਹਾਂਗਾ: ਖਹਿਰਾ

ਗੁਰਦਾਸਪੁਰ: ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ਆਮ ਆਦਮੀ ਪਾਰਟੀ ਦੇ ਧੜੇ ਵੱਲੋਂ ਅੱਜ ਗੁਰਦਾਸਪੁਰ ਦੇ ਬਟਾਲਾ ਰੋਡ ਸਥਿਤ ਇੱਕ ਪੈਲੇਸ ਵਿੱਚ ‘ਵਲੰਟੀਅਰ ਕਨਵੈਨਸ਼ਨ’ ਦੌਰਾਨ ਵੱਡਾ ਇਕੱਠ ਕਰ ਕੇ ਇੱਕ ਤਰ੍ਹਾਂ ਨਾਲ ਪਾਰਟੀ ਹਾਈਕਮਾਨ ਨੂੁੰ ਭਵਿੱਖ ਲਈ ਚੁਣੌਤੀ ਦਿੱਤੀ ਹੈ।
ਕਨਵੈਨਸ਼ਨ ਦੌਰਾਨ ਵਲੰਟੀਅਰਾਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੁਖਪਾਲ ਸਿੰਘ ਖਹਿਰਾ ਦੇ ਹੱਥ ਪੰਜਾਬ ਦੀ ਵਾਗਡੋਰ ਸੌਂਪਣ ਦੀ ਮੰਗ ਵੀ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਪੰਜਾਬੀਆਂ ਦੀ ਸਾਂਝੀ ਪਾਰਟੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਨੌਕਰੀਆਂ ਅਤੇ ਕੰਮਕਾਰ ਛੱਡ ਕੇ ਖੜਾ ਕਰਨ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਇਕਾਈ ਦੀ ਖੁਦਮੁਖਤਾਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਵੇਂ ਜਾਪਦਾ ਹੈ ਜਿਵੇਂ ਪੰਜਾਬੀਆਂ ਦਾ ਇਸ ਪਾਰਟੀ ਉੱਤੇ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉੰਨਾ ਚਿਰ ਕਾਮਯਾਬ ਨਹੀਂ ਹੋਣਾ ਜਿੰਨਾ ਚਿਰ ਫੈਸਲੇ ਦਾ ਲੈਣ ਦਾ ਹੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਦਾ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਭ੍ਰਿਸ਼ਟ ਹੋ ਚੁੱਕੇ ਨਿਜ਼ਾਮ ਤੋਂ ਛੁਟਕਾਰੇ ਲਈ ਅਰਸੇ ਤੋਂ ਤੀਜੇ ਬਦਲ ਦੀ ਭਾਲ ਵਿੱਚ ਹਨ। ਉਨ੍ਹਾਂ ਕਿਹਾ ਕਿ ਜਿਵੇਂ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਵੱਡੀ ਧਿਰ ਬਣ ਕੇ ਉਭਰੀ ਹੈ, ਏਦਾਂ ਹੀ ਪੰਜਾਬ ਦੇ ਲੋਕਾਂ ਦਾ ਸੁਪਨਾ ਹੈ ਅਤੇ ਲੋਕਾਂ ਦੇ ਸੁਪਨੇ ਨੂੰ ਹੀ ਅੱਗੇ ਵਧਾ ਰਹੇ ਹਨ। ਇੱਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦਾ ਝੰਡਾ ਚੁੱਕਿਆ ਹੈ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਵਿੱਚ ਆ ਰਹੇ ਹਨ। ਉਨ੍ਹਾਂ ਕਿ ਸਹੀ ਅਰਥਾਂ ਵਿੱਚ ਪਾਰਟੀ ਹੁਣ ਮਜ਼ਬੂੁਤ ਹੋ ਰਹੀ ਹੈ ਅਤੇ ਤੀਸਰੇ ਬਦਲ ਵਜੋਂ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਛੱਡ ਕੇ ਕਿਧਰੇ ਜਾਣ ਦਾ ਸੁਆਲ ਹੀ ਨਹੀਂ ਹੈ ਅਤੇ ਜੇ ਦਿੱਲੀ ਵਾਲੇ ਸਾਡੇ ਖਿਲਾਫ਼ ਕੋਈ ਐਕਸ਼ਨ ਕਰਦੇ ਹਨ ਤਾਂ ਉਨ੍ਹਾਂ ਦੀ ਮਰਜ਼ੀ ਹੈ।
ਸ੍ਰੀ ਖਹਿਰਾ ਨੇ ਭਗਵੰਤ ਮਾਨ ਸਬੰਧੀ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਮੁਆਫ਼ੀ ਮਾਮਲੇ ਵਿੱਚ ਆਪਣੇ ਅਸਤੀਫ਼ੇ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਫਰਜ਼ ਬਣਦਾ ਹੈ ਕਿ ਦਿੱਲੀ ਦਾ ਮੁੱਦਈ ਬਣਨ ਦੀ ਬਜਾਏ ਪੰਜਾਬ ਤੇ ਪੰਜਾਬੀਆਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ।

You May Also Like

Leave a Reply

Your email address will not be published. Required fields are marked *