ਪੰਜਾਬ ਵਿੱਚ ਮੰਤਰੀਆਂ ਅਤੇ ਅਫਸਰਾਂ ਦੇ ਵਿਵਾਦ ਦੌਰਾਨ ਪਰਗਟ ਸਿੰਘ ਦੀ ਐਂਟਰੀ

ਜਲੰਧਰ, 17 ਮਈ – ਪੰਜਾਬ ਦੇ ਮੰਤਰੀਆਂ ਅਤੇ ਸੀਨੀਅਰ ਅਫਸਰਾਂ ਦੇ ਵਿਵਾਦ ਦੌਰਾਨ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਰਾਜ ਦੀ ਸਰਕਾਰ ਉੱਤੇ ਸਖਤ ਟਿਪਣੀਆਂ ਕੀਤੀਆਂ ਹਨ। ਬੇਸ਼ੱਕ ਵੱਧ ਜ਼ੋਰ ਉਨ੍ਹਾਂ ਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਰਿਹਾ, ਪਰ ਕੇਂਦਰ ਸਰਕਾਰ ਉੱਤੇ ਵੀ ਗੁੱਸਾ ਕੱਢਿਆ ਹੈ।
ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਪਰਗਟ ਸਿੰਘ ਨੇ ਪੰਜਾਬ ਦੀ ਰਾਜਨੀਤੀ ਵਿੱਚ ਪੈਨਲਟੀ ਸਟਰੋਕ ਲਾਉਣ ਵਾਂਗ ਅੱਜ ਏਥੇ ਕਿਹਾ ਹੈ ਕਿ ਇਹ ਸਮਾਂ ਆਪਸੀ ਲੜਾਈ ਦਾ ਨਹੀਂ, ਪੰਜਾਬ ਦੇ ਹਿੱਤਾਂ ਦੇ ਲਈ ਫੈਸਲੇ ਲੈਣ ਦਾ ਹੈ। ਅੱਜ ਏਥੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ, ਉਨ੍ਹਾਂ ਨੇ ਤਾਂ ਪੰਜਾਬ ਦਾ ਜੀ ਐੱਸ ਟੀ ਦੇ 4500 ਕਰੋੜ ਰੁਪਏ ਵੀ ਨਹੀਂ ਦਿੱਤੇ, ਇਸ ਲਈ ਇਸ ਸਮੇਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਹੈ ਤੇ ਇਹ ਵੇਖਣ ਦੀ ਲੋੜ ਹੈ ਕਿ ਰਾਜ ਦੀ ਆਮਦਨ ਕਿੱਦਾਂ ਵਧ ਸਕੇਗੀ ਤਾਂ ਕਿ ਪੰਜਾਬ ਆਤਮ ਨਿਰਭਰ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਉੱਤੇ ਢਾਈ ਲੱਖ ਕਰੋੜ ਰੁਪਏ ਕਰਜ਼ਾ ਹੈ। ਬਹੁਤੀ ਆਮਦਨ ਮਾਈਨਿੰਗ ਅਤੇ ਐਕਸਾਈਜ਼ ਤੋਂ ਹੁੰਦੀ ਹੈ, ਇਸ ਲਈ ਜੇ ਏਥੇ ਐਕਸਾਈਜ਼ ਕਾਰਪੋਰੇਸ਼ਨ ਬਣ ਜਾਂਦੀ ਤਾਂ ਉਸ ਤੋਂ ਘੱਟੋ-ਘੱਟ 10 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋ ਸਕਦੀ ਸੀ, ਪਰ ਇਸ ਸਮੇਂ ਇਹ ਸਾਢੇ ਚਾਰ-ਪੰਜ ਹਜ਼ਾਰ ਕਰੋੜ ਹੀ ਹੁੰਦੀ ਹੈ।
ਸੀਨੀਅਰ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਿਵੇਂ ਦਸ ਸਾਲ ਅਕਾਲੀ-ਭਾਜਪਾ ਸਰਕਾਰ ਚੱਲਦੀ ਸੀ, ਉਸੇ ਤਰ੍ਹਾਂ ਕਾਂਗਰਸ ਸਰਕਾਰ ਨੇ ਆਪਣਾ ਤਿੰਨ ਸਾਲ ਦਾ ਸਮਾਂ ਲੰਘਾ ਲਿਆ ਹੈ, ਜੇ ਅਜੇ ਇਹ ਹੀ ਹਾਲ ਰਿਹਾ ਤਾਂ ਲੋਕ ਸਾਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀਆਂ ਆਉਂਦੀਆਂ ਤੇ ਚਲੀਆਂ ਜਾਂਦੀਆਂ ਹਨ, ਜੇ ਬੀਤੇ ਤੋਂ ਸਬਕ ਨਾ ਲਿਆ ਤਾਂ ਪੰਜਾਬ ਨੂੰ ਅੱਗੇ ਲਿਆਉਣਾ ਬੜਾ ਔਖਾ ਹੋ ਜਾਵੇਗਾ, ਇਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸਾਰੇ ਲੀਡਰਾਂ ਨੂੰ ਸੱਦਣਾ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਮੁੱਦਿਆਂ ਉੱਤੇ ਸਰਕਾਰ ਬਣਾਈ ਅਤੇ ਕਿੰਨੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਇੰਝ ਹੀ ਚੱਲਦਾ ਰਿਹਾ ਤਾਂ ਭਵਿੱਖ ਵਿੱਚ ਇਹ ਮੰਤਰੀ ਤੇ ਵਿਧਾਇਕ ਲੋਕਾਂ ਦਾ ਸਾਹਮਣਾ ਕਿਵੇਂ ਕਰਨਗੇ?
ਇਸ ਮੌਕੇ ਪਰਗਟ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਮੀਟਿੰਗ ਦੌਰਾਨ ਉਨ੍ਹਾਂ ਮੁੱਖ ਮੰਤਰੀ ਕੋਲ ਇਹ ਗੱਲਾਂ ਰੱਖੀਆਂ ਸਨ, ਜਿਨ੍ਹਾਂ ਨਾਲ ਮੁੱਖ ਮੰਤਰੀ ਸਹਿਮਤ ਸਨ। ਉਨ੍ਹਾ ਕਿਹਾ ਕਿ ਪੰਜਾਬ ਵਿਚ ਕਈ ਸਕੈਮ ਹੋਏ ਹਨ, ਜਿਨ੍ਹਾਂ ਵਿਚ ਕੁਝ ਆਈ ਏ ਐੱਸ ਅਫਸਰਾਂ ਦੀ ਭੂਮਿਕਾ ਪਤਾ ਲੱਗੀ ਹੈ ਤੇ ਸਰਕਾਰ ਉਨ੍ਹਾਂ ਦੀ ਜਾਂਚ ਕਰਵਾ ਰਹੀ ਹੈ, ਪਰ ਕਿਸੇ ਸਿੱਟੇ ਉੱਤੇ ਨਹੀਂ ਪਹੁੰਚੀ। ਇਸ ਜਾਂਚ ਦੇ ਸਿੱਟੇ ਲੋਕਾਂ ਅੱਗੇ ਰੱਖਣੇ ਚਾਹੀਦੇ ਹਨ, ਜੇ ਕੋਈ ਦੋਸ਼ੀ ਨਹੀਂ ਤਾਂ ਕਲੀਨ ਚਿੱਟ ਦੇਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਬੇਅਦਬੀ ਕੇਸ ਅਤੇ 31 ਹਜ਼ਾਰ ਕਰੋੜ ਰੁਪਏ ਦੇ ਫੂਡ ਸਕੈਮ ਦੀ ਜਿਹੜੀ ਜਾਂਚ ਹੋਈ, ਉਹ ਲੋਕਾਂ ਨੂੰ ਦੱਸਣੀ ਚਾਹੀਦੀ ਹੈ, ਇਸ ਨਾਲ ਜਨਤਾ ਵਿਚ ਸਰਕਾਰ ਦਾ ਭਰੋਸਾ ਵਧੇਗਾ, ਪਰ ਜੇ ਚੁੱਪ ਰਹੇ ਤਾਂ ਸਰਕਾਰ ਬਾਰੇ ਸ਼ੱਕ ਵਧਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਸ਼ੱਕ ਨਹੀਂ ਕਿ 2017 ਦੀਆਂ ਚੋਣਾਂ ਵਿਚ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਵੋਟ ਪਾਈ ਸੀ, ਪਰ ਸਮਾਂ ਬਦਲ ਚੁੱਕਾ ਹੈ ਤੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਲੋਕ ਕਿੰਤੂ ਕਰ ਰਹੇ ਹਨ।
ਪੰਜਾਬ ਦੇ ਮੰਤਰੀਆਂ ਅਤੇ ਅਫਸਰਾਂ ਦੇ ਵਿਵਾਦ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਅਫਸਰ ਨੇ ਲੰਬਾ ਸਮਾਂ ਨੌਕਰੀ ਕੀਤੀ ਹੁੰਦੀ ਹੈ ਅਤੇ ਉਸ ਨੂੰ ਆਪਣਾ ਤਜਰਬਾ ਹੁੰਦਾ ਹੈ, ਜੇ ਅਫਸਰ ਤੋਂ ਕੋਈ ਕੰਮ ਕਰਾਉਣਾ ਹੋਵੇ ਤਾਂ ਉਸ ਦਾ ਤਰੀਕਾ ਹੈ, ਪਰ ਜਿਹੜੀ ਗੱਲ ਠੀਕ ਹੈ, ਉਸ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੁਝ ਮਹੀਨੇ ਪਹਿਲਾਂ ਦੀ ਮੁਲਾਕਾਤ ਬਾਰੇ ਉਨ੍ਹਾਂ ਕਿਹਾ ਕਿ ਮੈਂ ਖਿਡਾਰੀ ਰਿਹਾ ਹਾਂ, ਇਕੱਲਾ ਖਿਡਾਰੀ ਨਾ ਟੀਮ ਜਿਤਾ ਸਕਦਾ ਤੇ ਨਾ ਹਰਾ ਸਕਦਾ ਹੈ, ਜੇ ਹਰ ਖਿਡਾਰੀ ਆਪੋ-ਆਪਣੀ ਥਾਂ ਠੀਕ ਖੇਡੇ ਤਾਂ ਟੀਮ ਜਿੱਤ ਸਕਦੀ ਹੈ, ਪਰ ਇਸ ਦੇ ਮਾਹੌਲ ਦੀ ਲੋੜ ਹੈ। ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਨਿੱਜੀ ਲਾਭਾਂ ਜਾਂ ਪੈਸਿਆਂ ਬਾਰੇ ਸੋਚਣ ਦੀ ਥਾਂ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ ਤੇ ਜੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੇ ਤਾਂ ਬਾਗੀ ਸਮਝਣ ਦੀ ਥਾਂ ਉਸ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ।

You May Also Like

Leave a Reply

Your email address will not be published. Required fields are marked *