ਫੇਸਬੁਕ ਉੱਤੇ ਦੋਸਤੀ, ਲੜਕੀ ਦੇ ਵਿਆਹ ਪਿੱਛੋਂ ਤਲਾਕ ਕਰਵਾ ਦਿੱਤਾ, ਫਿਰ ਕਤਲ ਕਰ ਕੇ ਫਰਾਰ

ਮੋਗਾ: ਜ਼ੀਰਾ ਰੋਡ ‘ਤੇ ਆਪਣੇ ਪਤੀ ਨਾਲ ਪੇਕੇ ਘਰ ਰਹਿ ਰਹੀ ਨਵਵਿਆਹੁਤਾ ਦਾ ਕੱਲ੍ਹ ਰਾਤ ਕਤਲ ਕਰ ਕੇ ਉਸ ਦਾ ਪਤੀ ਖਿਸਕ ਗਿਆ ਅਤੇ ਪੁਲਸ ਜਾਂਚ ਕਰ ਰਹੀ ਹੈ।
ਮ੍ਰਿਤਕਾ ਦੀ ਭੂਆ ਮਨਪ੍ਰੀਤ ਕੌਰ ਪਤਨੀ ਬੂਟਾ ਸਿੰਘ ਪਿੰਡ ਸਾਫੂਵਾਲਾ ਦੇ ਮੁਤਾਬਕ ਗੁਰਪ੍ਰੀਤ ਕੌਰ (19) ਪੁੱਤਰੀ ਰਾਜਿੰਦਰ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ ਜ਼ੀਰਾ ਰੋਡ ਮੋਗਾ ਦੀ ਓਮ ਪ੍ਰਕਾਸ਼ ਦੇ ਨਾਲ ਕਰੀਬ ਤਿੰਨ ਸਾਲ ਪਹਿਲਾਂ ਫੇਸਬੁਕ ‘ਤੇ ਦੋਸਤੀ ਹੋਈ ਸੀ। ਓਮ ਪ੍ਰਕਾਸ਼ ਆਪਣੇ ਆਪ ਨੂੰ ਐੱਨ ਆਰ ਆਈ ਦੱਸਦਾ ਸੀ ਅਤੇ ਉਹ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਦਾ ਦਬਾਅ ਪਾਉਂਦਾ ਸੀ। ਉਸ ਨੇ ਦੱਸਿਆ ਕਿ ਲੜਕੀ ਦੇ ਪਰਵਾਰ ਨੇ ਸਤੰਬਰ 2018 ਨੂੰ ਗੁਰਪ੍ਰੀਤ ਕੌਰ ਦਾ ਵਿਆਹ ਜਗਰਾਓਂ ਵਾਸੀ ਰਿੰਪਲ ਸਿੰਘ ਨਾਲ ਕਰ ਦਿੱਤਾ। ਇਸ ਦੇ ਬਾਅਦ ਓਮ ਪ੍ਰਕਾਸ਼ ਨੇ ਗੁਰਪ੍ਰੀਤ ਕੌਰ ਦਾ ਮੋਗਾ ਤੇ ਜਗਰਾਓਂ ਵਿੱਚ ਪਿੱਛਾ ਕੀਤਾ ਅਤੇ ਉਸ ਦੇ ਸਹੁਰੇ ਪਰਵਾਰ ਦੇ ਘਰ ਦੇ ਨੇੜੇ ਪੋਸਟਰ ਲਗਾ ਕੇ ਉਸ ਨੂੰ ਬਦਨਾਮ ਕਰਨ ਲੱਗਾ। ਇਸ ਕਾਰਨ ਗੁਰਪ੍ਰੀਤ ਕੌਰ ਦਾ ਵਿਆਹ ਤੋਂ ਇੱਕ ਮਹੀਨੇ ਬਾਅਦ ਪਤੀ ਨਾਲ ਤਲਾਕ ਹੋ ਗਿਆ। ਉਸ ਦੇ ਬਾਅਦ ਗੁਰਪ੍ਰੀਤ ਕੌਰ ਪੇਕੇ ਰਹਿਣ ਲੱਗੀ। ਤਿੰਨ ਮਹੀਨੇ ਪਹਿਲਾਂ ਗੁਰਪ੍ਰੀਤ ਕੌਰ ਦਾ ਵਿਆਹ ਉਨ੍ਹਾਂ ਨੇ ਓਮ ਪ੍ਰਕਾਸ਼ ਨਾਲ ਕਰਵਾ ਦਿੱਤਾ। ਵਿਆਹ ਦੇ ਬਾਅਦ ਓਮ ਪ੍ਰਕਾਸ਼ ਆਪਣੇ ਸਹੁਰੇ ਘਰ ਮੋਗਾ ਵਿੱਚ ਗੁਰਪ੍ਰੀਤ ਕੌਰ ਦੇ ਨਾਲ ਰਹਿਣ ਲੱਗਾ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਓਮ ਪ੍ਰਕਾਸ਼ ਮੰਗਲਵਾਰ ਰਾਤ 10 ਵਜੇ ਦੇ ਕਰੀਬ ਆਪਣੀ ਪਤਨੀ ਲਈ ਜੂਸ ਅਤੇ ਆਈਸਕ੍ਰੀਮ ਲੈ ਕੇ ਆਇਆ, ਜਿਸ ਪਿੱਛੋਂ ਉਹ ਕਮਰੇ ਵਿੱਚ ਸੌਂ ਗਏ। ਉਸ ਨੇ ਦੱਸਿਆ ਕਿ ਸਵੇਰੇ ਛੇ ਵਜੇ ਗੁਰਪ੍ਰੀਤ ਕੌਰ ਦੀ ਮਾਂ ਜਸਵਿੰਦਰ ਕੌਰ ਨੇ ਉਨ੍ਹਾਂ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਓਮ ਪ੍ਰਕਾਸ਼ ਓਥੇ ਨਹੀਂ ਸੀ। ਉਸ ਨੇ ਗੁਰਪ੍ਰੀਤ ਕੌਰ ਨੂੰ ਆਵਾਜ਼ ਦਿੱਤੀ ਤਾਂ ਉਹ ਨਹੀਂ ਉਠੀ। ਜਦ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਗੁਰਪ੍ਰੀਤ ਕੌਰ ਦੇ ਭਰਾ ਦਵਿੰਦਰ ਸਿੰਘ ਦੇ ਬਿਆਨ ਲੈਣ ਦੇ ਬਾਅਦ ਦੋਸ਼ੀ ਓਮ ਪ੍ਰਕਾਸ਼ ਪੁੱਤਰ ਰਾਮ ਸਰੂਪ ਪਿੰਡ ਬੀਹਲਾ ਬੰਜੂ ਜ਼ਿਲ੍ਹਾ ਗੁਰਦਾਸਪੁਰ ਦੇ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਹੈ।

You May Also Like

Leave a Reply

Your email address will not be published. Required fields are marked *