ਫੌਜ ‘ਚ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਸੈਟਲ ਕਰਨ ਨੇੜੇ ਫੈਡਰਲ ਸਰਕਾਰ

ਓਟਾਵਾ— ਫੌਜ ‘ਚ ਕਥਿਤ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਤੇ ਲਿੰਗਕ ਵਿਤਕਰੇਬਾਜ਼ੀ ਦੇ ਲੱਗ ਰਹੇ ਦੋਸ਼ਾਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਫੌਜ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ ਵੱਲੋਂ ਕੀਤੇ ਗਏ ਮੁਕੱਦਮੇ ਨੂੰ ਸੈਟਲ ਕਰਨ ਦੇ ਕਾਫੀ ਨੇੜੇ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਵੱਲੋਂ ਇਸ ਮੁਕੱਦਮੇ ਨੂੰ ਰਫਾ-ਦਫਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਮੁਕੱਦਮੇ ‘ਚ ਜਿਨਸੀ ਸ਼ੋਸ਼ਣ, ਜਿਨਸੀ ਹਮਲੇ ਤੇ ਵਿਤਕਰੇਬਾਜ਼ੀ ਦੇ ਦੋਸ਼ ਲਾਏ ਗਏ। ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਜਦੋਂ ਵੀ ਲੋੜ ਪਵੇਗੀ ਕੇਸ ਨੂੰ ਸੈਟਲ ਕਰਨ ਲਈ ਤਿਆਰ ਹੈ।
ਵਿਲਸਨ ਰੇਅਬੋਲਡ ਨੇ ਕਿਹਾ ਕਿ ਉਹ ਇਸ ਕੇਸ ਦੇ ਹੋਰਨਾਂ ਪੱਖਾਂ ਉੱਤੇ ਟਿੱਪਣੀ ਨਹੀਂ ਕਰ ਸਕਦੀ ਪਰ ਅਟਾਰਨੀ ਜਨਰਲ ਵੱਲੋਂ ਉਨ੍ਹਾਂ ਦਾ ਇਹ ਟੀਚਾ ਹੈ ਕਿ ਜਦੋਂ ਢੁਕਵਾਂ ਸਮਾਂ ਆਵੇ ਤਾਂ ਅਸੀਂ ਜਨਤਕ ਹਿੱਤਾਂ ‘ਚ ਇਸ ਕੇਸ ਨੂੰ ਸੈਟਲ ਕਰ ਸਕਦੇ ਹਾਂ। ਟਰੂਡੋ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਇਸ ਕੇਸ ‘ਚ ਜਿਹੜੇ ਨੁਕਤੇ ਸਰਕਾਰੀ ਵਕੀਲ ਵੱਲੋਂ ਪੇਸ਼ ਕੀਤੇ ਗਏ ਹਨ ਉਹ ਉਸ ਦੇ ਨਿਜੀ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ।
ਫੈਡਰਲ ਸਰਕਾਰ ਨੇ ਅਦਾਲਤ ‘ਚ ਫਾਈਲ ਕਰਵਾਏ ਆਪਣੇ ਤਰਕਾਂ ‘ਚ ਇਹ ਆਖਿਆ ਸੀ ਕਿ ਸੀਏਐਫ ‘ਚ ਹਰ ਵਿਅਕਤੀ ਵਿਸ਼ੇਸ਼ ਦੀ ਪ੍ਰਾਈਵੇਟ ਲਾਅ ਡਿਊਟੀ ਦਾ ਖਿਆਲ ਰੱਖਣਾ ਤੇ ਸ਼ੋਸ਼ਣ ਮੁਕਤ ਮਾਹੌਲ ਦੇਣਾ ਜਾਂ ਫਿਰ ਜਿਨਸੀ ਪਰੇਸ਼ਾਨੀ ਜਾਂ ਜਿਨਸੀ ਹਮਲੇ ਨੂੰ ਰੋਕਣ ਲਈ ਨੀਤੀਆਂ ਘੜਨਾਂ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਫੌਜ ਵੱਲੋਂ ਇਸ ਤਰ੍ਹਾਂ ਦੇ ਜਿਨਸੀ ਦੁਰਵਿਵਹਾਰ ਨੂੰ ਖ਼ਤਮ ਕਰਨ ਲਈ ਫੌਜ ਦੀਆਂ ਕੋਸ਼ਿਸ਼ਾਂ ਕਾਫੀ ਵਿਰੋਧਾਭਾਸੀ ਨਜ਼ਰ ਆਈਆਂ। 2017 ‘ਚ ਦੋ ਦਰਜਨ ਤੋਂ ਵੱਧ ਸਰਵਿਸ ਮੈਂਬਰਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਚੀਫ ਆਫ ਡਿਫੈਂਸ ਸਟਾ ਜਨਰਲ ਜੌਨਾਥਨ ਵਾਂਸ ਵੱਲੋਂ ਵਾਅਦਾ ਕੀਤਾ ਗਿਆ ਕਿ ਜਿਨਸੀ ਜੁਰਮਾਂ ਦੇ ਮਾਮਲੇ ‘ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।

You May Also Like

Leave a Reply

Your email address will not be published. Required fields are marked *