ਬਹੁਤੇ ਲੋਕਾਂ ਨੂੰ ਕਾਰਬਨ ਟੈਕਸ ਨਾਲੋਂ ਜਿ਼ਆਦਾ ਮਹਿੰਗੀ ਪਵੇਗੀ ਕਾਰਬਨ ਛੋਟ : ਬਜਟ ਵਾਚਡੌਗ

ਓਟਵਾ: ਕੈਨੇਡਾ ਦੇ ਬਜਟ ਵਾਚਡੌਗ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਹੈ ਕਿ ਫੈਡਰਲ ਸਰਕਾਰ ਦਾ ਇਹ ਦਾਅਵਾ ਬਿਲਕੁਲ ਸਹੀ ਹੈ ਕਿ ਕੈਨੇਡੀਅਨ ਇਸ ਸਮੇਂ ਜਿੰਨਾਂ ਕਾਰਬਨ ਟੈਕਸ ਅਦਾ ਕਰ ਰਹੇ ਹਨ ਉਸ ਤੋਂ ਕਿਤੇ ਜਿ਼ਆਦਾ ਉਨ੍ਹਾਂ ਨੂੰ ਕਲਾਈਮੇਟ ਚੇਂਜ ਟੈਕਸ ਦੀ ਛੋਟ ਵੇਲੇ ਭਰਨਾ ਹੋਵੇਗਾ।
ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਚਾਰ ਪ੍ਰੋਵਿੰਸਾਂ ਉੱਤੇ ਇਸ ਮਹੀਨੇ ਪ੍ਰਤੀ ਟੰਨ 20 ਡਾਲਰ ਦਾ ਫਿਊਲ ਸਰਚਾਰਜ ਲਾਇਆ ਗਿਆ ਹੈ ਜਿਨ੍ਹਾਂ ਨੇ ਕਾਰਬਨ ਪ੍ਰਾਈਸਿੰਗ ਸਿਸਟਮ ਨੂੰ ਆਪਣੇ ਆਪ ਲਾਗੂ ਨਹੀਂ ਸੀ ਕੀਤਾ। ਪਾਰਲੀਆਮੈਂਟਰੀ ਬਜਟ ਆਫਿਸ ਵੱਲੋਂ ਕੀਤੇ ਗਏ ਨਵੇਂ ਵਿਸਲੇਸਣ ਵਿੱਚ ਆਖਿਆ ਗਿਆ ਕਿ ਇਸ ਨਾਲ ਇਸ ਸਾਲ 2.4 ਬਿਲੀਅਨ ਡਾਲਰ ਵਾਧੂ ਜੁਟਣਗੇ। ਇਸ ਤੋਂ ਇਲਾਵਾ 200 ਮਿਲੀਅਨ ਡਾਲਰ ਵੱਡੀ ਇੰਡਸਟਰੀਜ ਵੱਲੋਂ ਕੀਤੇ ਜਾਣ ਵਾਲੇ ਰਿਸਾਅ ਉੱਤੇ ਟੈਕਸ ਲਾ ਕੇ ਵਸੂਲੇ ਜਾਣਗੇ।
2022-23 ਵਿੱਚ ਜਦੋਂ ਕੀਮਤ 50 ਡਾਲਰ ਪ੍ਰਤੀ ਟੰਨ ਤੱਕ ਪਹੁੰਚੇਗੀ ਤਾਂ ਵੱਡੇ ਐਮਿਟਰਜ ਤੋਂ ਇਹ ਆਮਦਨ 448 ਮਿਲੀਅਨ ਡਾਲਰ ਫਿਊਲ ਚਾਰਜ ਦੇ ਰੂਪ ਵਿੱਚ ਹੀ ਮਿਲ ਜਾਵੇਗੀ। ਜਿਨ੍ਹਾਂ ਚਾਰ ਪ੍ਰੋਵਿੰਸਾਂ ਉੱਤੇ ਫੈਡਰਲ ਸਰਕਾਰ ਵੱਲੋਂ ਇਹ ਕਾਰਬਨ ਟੈਕਸ ਲਾਇਆ ਗਿਆ ਹੈ ਉਨ੍ਹਾਂ ਵਿੱਚ ਸਸਕੈਚਵਨ, ਮੈਨੀਟੋਬਾ, ਓਨਟਾਰੀਓ ਤੇ ਨਿਊ ਬਰੰਜਵਿੱਕ ਸਾਮਲ ਹਨ। ਇਹ ਅੰਕੜੇ ਸਰਕਾਰ ਦੇ ਆਪਣੇ ਕਿਆਫਿਆਂ ਤੋਂ ਕਾਫੀ ਨੇੜੇ ਹਨ। ਡਿਪਾਰਟਮੈਂਟ ਆਫ ਫਾਇਨੈਂਸ ਇਹ ਪੇਸੀਨਿਗੋਈ ਕਰ ਚੁੱਕਿਆ ਹੈ ਕਿ 2019-20 ਵਿੱਚ ਫਿਊਲ ਚਾਰਜ ਨਾਲ 2.36 ਬਿਲੀਅਨ ਡਾਲਰ ਅਤੇ 2022-23 ਵਿੱਚ 5.7 ਬਿਲੀਅਨ ਡਾਲਰ ਦਾ ਫਾਇਦਾ ਹੋਵੇਗਾ।
ਓਟਵਾ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਤੇ ਹੁਣ ਤਾਂ ਇਹ ਕਾਨੂੰਨ ਦੇ ਰੂਪ ਵਿੱਚ ਵੀ ਦਰਜ ਹੋ ਚੁੱਕਿਆ ਹੈ ਕਿ ਫਿਊਲ ਚਾਰਜ ਤੋਂ ਇੱਕਠੀ ਹੋਣ ਵਾਲੀ ਆਮਦਨ ਦਾ 90 ਫੀ ਸਦੀ ਉਨ੍ਹਾਂ ਪ੍ਰੋਵਿੰਸਾਂ ਦੇ ਲੋਕਾਂ ਨੂੰ ਮੋੜਿਆ ਜਾਵੇਗਾ ਜਿਨ੍ਹਾਂ ਤੋਂ ਇਹ ਇੱਕਠਾ ਕੀਤਾ ਜਾ ਰਿਹਾ ਹੈ। ਪੀਬੀਓ ਦੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਅਗਲੇ ਪੰਜ ਸਾਲਾਂ ਵਿੱਚ 20 ਫੀ ਸਦੀ ਅਮੀਰ ਕੈਨੇਡੀਅਨ, ਜਿੰਨਾਂ ਕਾਰਬਨ ਟੈਕਸ ਭਰਨਗੇ ਉਨ੍ਹਾਂ ਨੂੰ ਇਸ ਤੋਂ ਵਧੇਰੇ ਛੋਟ ਮਿਲੇਗੀ।
ਭਾਵੇਂ ਕਿਸੇ ਵਿਅਕਤੀ ਦੀ ਆਮਦਨ ਕਿੰਨੀ ਵੀ ਹੈ ਉਸ ਨੂੰ ਇੱਕੋ ਜਿਹੀ ਛੋਟ ਹੀ ਮਿਲੇਗੀ। ਪਰ ਅਮੀਰ ਕੈਨੇਡੀਅਨਾਂ ਕੋਲ ਵੱਡੇ ਘਰ ਹਨ, ਉਹ ਵੱਡੀਆਂ ਗੱਡੀਆਂ ਚਲਾਉਂਦੇ ਹਨ, ਉਹ ਵਧੇਰੇ ਉਤਪਾਦਾਂ ਦੀ ਖਪਤ ਕਰਦੇ ਹਨ ਤੇ ਪਰ ਕਾਰਬਨ ਟੈਕਸ ਸੱਭ ਨੂੰ ਇੱਕੋ ਜਿਹਾ ਹੀ ਅਦਾ ਕਰਨਾ ਹੋਵੇਗਾ। ਇਸ ਨਾਲ ਆਮ ਲੋਕਾਂ ਉੱਤੇ ਇਸ ਦਾ ਜਿਆਦਾ ਬੋਝ ਪਵੇਗਾ।

You May Also Like

Leave a Reply

Your email address will not be published. Required fields are marked *