ਬ੍ਰਿਟਿਸ਼ ਕੋਲੰਬੀਆ ਦੇ ਜੰਗਲ ‘ਚ ਲੱਗੀ ਅੱਗ, ਲੋਕਾਂ ਨੂੰ ਕੁਦਰਤ ਦੇ ਰਹਿਮ ਦੀ ਉਡੀਕ

ਸਰੀ(ਏਜੰਸੀ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲ ‘ਚ ਲੱਗੀ ਅੱਗ ਕਾਰਨ ਅਲਰਟ ਜਾਰੀ ਹੋ ਚੁੱਕਾ ਹੈ। ਅਜਿਹੇ ‘ਚ ਫਸਟ ਨੇਸ਼ਨ ਦੇ ਲੋਕਾਂ ਨੂੰ ਉਮੀਦ ਹੈ ਕਿ ਮਾਂ ਕੁਦਰਤ ਉਨ੍ਹਾਂ ‘ਤੇ ਰਹਿਮ ਦਿਖਾਵੇਗੀ ਅਤੇ ਜੰਗਲੀ ਅੱਗ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਨਹੀਂ ਪਹੁੰਚਾਵੇਗੀ।  ਮਿਰਾਂਡਾ ਲੂਈ ਨਾਂ ਦੀ ਔਰਤ ਨੇ ਕਿਹਾ ਕਿ ਉਸ ਦਾ ਘਰ ਪਹਾੜ ਦੇ ਹੇਠਾਂ ਹੈ ਅਤੇ ਅੱਗ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਵੱਲ ਵਧ ਰਹੀ ਹੈ। ਉਸ ਨੇ ਕਿਹਾ ਕਿ ਉਹ ਬਹੁਤ ਚਿੰਤਤ ਹੈ ਪਰ ਇਸ ਦੇ ਨਾਲ ਹੀ ਆਸ ਕਰਦੀ ਹੈ ਕਿ ਫਾਇਰ ਫਾਈਟਰਜ਼ ਉਨ੍ਹਾਂ ਦੇ ਘਰਾਂ ਨੂੰ ਬਚਾ ਲੈਣਗੇ। ਇੱਥੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਘਰਾਂ ਦੀ ਚਿੰਤਾ ਕਰਨਾ ਜਾਇਜ਼ ਗੱਲ ਹੈ ਕਿਉਂਕਿ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੇ ਘਰ ਹੀ ਹਨ।  ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਸ਼ੋਵਲ ਲੇਕ ਇਲਾਕੇ ਦੇ ਜੰਗਲ ‘ਚ ਭਿਆਨਕ ਅੱਗ ਲੱਗੀ ਹੋਈ ਹੈ। ਇਸ ਕਾਰਨ ਕਈ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਹ ਇਲਾਕਾ ਇਨ੍ਹਾਂ ਲੋਕਾਂ ਦੇ ਭੋਜਨ ਦਾ ਸਰੋਤ ਹੈ ਅਤੇ ਇਸ ਦੇ ਨਸ਼ਟ ਹੋਣ ਨਾਲ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਪਿਛਲੇ ਕਈ ਦਿਨਾਂ ਤੋਂ ਹੈਲੀਕਾਪਟਰਾਂ ਰਾਹੀਂ ਅੱਗ ਬੁਝਾਉਣ ਲਈ ਪਾਣੀ ਛਿੜਕਿਆ ਜਾ ਰਿਹਾ ਹੈ। ਅੱਗ ਅਤੇ ਧੂੰਏਂ ਕਾਰਨ ਕਾਫੀ ਇਲਾਕਿਆਂ ‘ਚ ਲੋਕਾਂ ਨੂੰ ਪ੍ਰਦੂਸ਼ਿਤ ਹਵਾ ‘ਚ ਸਾਹ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦੀ ਹੈ ਅਤੇ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਸੁਰੱਖਿਅਤ ਬਚਾਇਆ ਜਾ ਸਕੇ।

You May Also Like

Leave a Reply

Your email address will not be published. Required fields are marked *