ਬ੍ਰਿਟੇਨ ਤੋਂ ਬਾਅਦ ਕੈਨੇਡਾ ਦੇ ਐੱਮ.ਪੀ. ਵੀ ਆਏ ਜਗਤਾਰ ਜੌਹਲ ਦੇ ਹੱਕ ‘ਚ, ਨਿਕਲੇਗੀ ਕਾਰ ਰੈਲੀ

ਟੋਰਾਂਟੋ— ਬਰਤਾਨੀਆ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਪੰਜਾਬ ‘ਚ ਹੋਏ ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ ‘ਚ ਪੰਜਾਬ ਪੁਲਸ ਵਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਬਰਤਾਨੀਆ ‘ਚ ਕਈ ਆਗੂਆਂ ਨੇ ਉਸ ਦੇ ਹੱਕ ‘ਚ ਆਪਣੀ ਆਵਾਜ਼ ਚੁੱਕੀ ਸੀ ਤੇ ਮਾਮਲਾ ਬਰਤਾਨੀਆਂ ਦੀ ਹਾਊਸ ਆਫ ਕਾਮਨਸ ਦੇ ਮੈਂਬਰਾਂ ਵਲੋਂ ਭਾਰਤੀ ਹਾਈ ਕਮਿਸ਼ਨ ਅੱਗੇ ਚੁੱਕਿਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕੈਨੇਡਾ ‘ਚ ਵੀ ਆਵਾਜ਼ ਉੱਠਣ ਲੱਗੀ ਹੈ। ਕੈਨੇਡਾ ਦੇ 2 ਐੱਨ.ਡੀ.ਪੀ. ਐੱਮ. ਪੀਜ਼. ਵਲੋਂ ਇਹ ਮਾਮਲਾ ਚੁੱਕਿਆ ਗਿਆ ਹੈ।
ਜਾਣਕਾਰੀ ਮੁਤਾਬਕ ਦੋ ਐੱਮ.ਪੀਜ਼. ਸ਼ੈਰਲ ਹਾਰਡਕੈਸਲ ਤੇ ਹੈਲੇਨੇ ਲਾਵਰਡਿਅਰ ਨੇ ਵੀ ਜਗਤਾਰ ਦੇ ਹੱਕ ‘ਚ ਅਵਾਜ਼ ਚੁੱਕੀ ਹੈ। ਐੱਨ.ਡੀ.ਪੀ. ਐੱਮ.ਪੀ. ਸ਼ੈਰਲ ਨੇ ਆਪਣੇ ਟਵੀਟ ‘ਚ ਜਗਤਾਰ ਸਿੰੰਘ ਜੱਗੀ ਨੂੰ ਗ੍ਰਿਫਤਾਰ ਕਰਕੇ ਤਸੀਹੇ ਦੇਣ ‘ਤੇ ਚਿੰਤਾ ਜਤਾਈ ਹੈ ਤੇ ਅਪੀਲ ਕੀਤੀ ਕਿ ਕੈਨੇਡਾ ਜਗਤਾਰ ਮਾਮਲੇ ‘ਚ ਸਹੀ ਕਾਰਵਾਈ ਲਈ ਅੱਗੇ ਆਵੇ। ਦੂਜੀ ਐੱਨ.ਡੀ.ਪੀ. ਐੱਮ.ਪੀ. ਹੈਲੇਨੇ ਲਾਵਰਡਿਆਰ ਨੇ ਐੱਨ.ਡੀ.ਪੀ. ਪਾਰਟੀ ਤੇ ਪਾਰਟੀ ਆਗੂ ਜਗਮੀਤ ਸਿੰਘ ਦੇ ਹਵਾਲੇ ਤੋਂ ਇਸ ਮਾਮਲੇ ‘ਤੇ ਚਿੰਤਾ ਜਤਾਈ ਤੇ ਕੈਨੇਡਾ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਬਰਤਾਨੀਆ ਤੇ ਕੈਨੇਡਾ ‘ਚ ਕਈ ਸਿੱਖ ਸੰਗਠਨ ਜਗਤਾਰ ਸਿੰਘ ਦੇ ਹੱਕ ‘ਚ ਖੜ੍ਹੇ ਹੁੰਦੇ ਦਿਖ ਰਹੇ ਹਨ। ਇਸ ਦੇ ਨਾਲ ਹੀ ਕੈਨੇਡਾ ‘ਚ ‘ਫਰੀ ਜੱਗੀ ਨਾਓ’ ਦੇ ਨਾਂ ਨਾਲ ਇਕ ਕਾਰ ਰੈਲੀ ਕੱਢਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਗੁਰੂ ਨਾਨਕ ਸਿੱਖ ਗੁਰੂਦੁਆਰਾ ਤੋਂ ਦਸ਼ਮੇਸ਼ ਦਰਬਾਰ ਗੁਰੂਦੁਆਰਾ ਦੇ ਵਿਚਕਾਰ ਐਤਵਾਰ (19 ਨਵੰਬਰ) ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ ਆਯੋਜਿਤ ਕੀਤੀ ਜਾਵੇਗੀ।
ਕੈਨੇਡਾ ਸਿੱਖ ਆਰਗੇਨਾਜ਼ੇਸ਼ਨ ਨੇ ਜਤਾਈ ਚਿੰਤਾ
ਕੈਨੇਡਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਡੂੰਘੀ ਚਿੰਤਾ ਪ੍ਰਗਟਾਈ। ਜੱਥੇਬੰਦੀ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਬਰਤਾਨੀਆ ‘ਚ ਜੰਮੇ-ਪਲੇ ਵਿਅਕਤੀ ਨਾਲ ਪੰਜਾਬ ਪੁਲਸ ਵਲੋਂ ਕੀਤਾ ਜਾ ਰਿਹਾ ਵਤੀਰਾ ਭੈਅਭੀਤ ਕਰਨ ਵਾਲਾ ਹੈ। ਇਥੋਂ ਤੱਕ ਕਿ ਜਗਤਾਰ ਨੂੰ ਸ਼ੁਰੂ ‘ਚ ਬਰਤਾਨਵੀ ਹਾਈ ਕਮਿਸ਼ਨ ਨਾਲ ਗੱਲ ਕਰਨ ਦੀ ਆਗਿਆ ਤੱਕ ਨਹੀਂ ਦਿੱਤੀ ਗਈ ਸੀ। ਹਿਰਾਸਤ ‘ਚ ਮੌਜੂਦ ਵਿਅਕਤ ‘ਤੇ ਤਸ਼ੱਦਤ ਢਾਹੁਣਾ ਬਿਲਕੁਲ ਸਹਿਣਯੋਗ ਨਹੀਂ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜਗਤਾਰ ਸਿੰਘ ‘ਤੇ ਲਾਏ ਗਏ ਦੋਸ਼ਾਂ ਨੂੰ ਬਿਲਕੁਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਸਿੱਖ ਕਤਲੇਆਮ ਬਾਰੇ ਵੈੱਬਸਾਈਟ ਚਲਾਉਣੀ ਤੇ ਰਸਾਲਾ ਕੱਢਣਾ ਕੋਈ ਅਪਰਾਧ ਨਹੀਂ।
ਦੱਸਣਯੋਗ ਹੈ ਕਿ ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐੱਮ.ਪੀ. ਪ੍ਰੀਤ ਕੌਰ ਗਿੱਲ ਨੇ ਇਸ ਮਾਮਲੇ ‘ਚ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿੱਖ ਕੇ ਤੁਰੰਤ ਉਚਿਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

You May Also Like

Leave a Reply

Your email address will not be published. Required fields are marked *