ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਯਾਦਗਾਰੀ ਰਿਹਾ ਸਾਲ 2017

ਸਾਲ 2017 ਵਿੱਚ ਭਾਰਤੀ ਟੀਮ ਦੀ ਇਹ ਵਿਲੱਖਣ ਪ੍ਰਾਪਤੀ ਰਹੀ ਕਿ ਟੀਮ ਨੇ 14 ਲੜੀਆਂ ਜਿੱਤ ਕੇ ਸਫਲਤਾ ਦੇ ਝੱਡੇ ਗੱਡ ਦਿੱਤੇ ਅਤੇ ਇੱਕ ਨਵਾਂ ਰਿਕਾਰਡ ਸਿਰਜ ਦਿੱਤਾ। ਸਾਲ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਦੇ ਚੰਗੇ ਪ੍ਰਦਰਸ਼ਨ ਨਾਲ ਜਿੱਤਾਂ ਦੇ ਰਸਤੇ ਖੋਲ੍ਹ ਲਏ। ਸਾਲ ਦੀ ਸ਼ੁਰੂਆਤ ਇੰਗਲੈਂਡ ਦੌਰੇ ਤੋਂ ਹੋਈ ਜਿੱਥੇ ਭਾਰਤੀ ਟੀਮ ਨੇ ਆਪਣੇ ਜਜ਼ਬੇ ਸਦਕਾ ਇੰਗਲੈਂਡ ਦੀ ਟੀਮ ਨੂੰ ਉਸ ਦੀ ਧਰਤੀ ‘ਤੇ ਹਰਾਇਆ। ਉਥੇ ਭਾਰਤੀ ਟੀਮ ਨੇ 5 ਇਕ ਰੋਜ਼ਾ ਅਤੇ 5 ਟੀ-20 ਮੈਚਾਂ ਦੀਆਂ ਲੜੀਆਂ ਖੇਡੀਆਂ। ਇਨ੍ਹਾਂ ਵਿੱਚੋਂ 3-2 ਨਾਲ ਇੱਕ ਰੋਜ਼ਾ ਮੈਚਾਂ ਦੀ ਲੜੀ ਅਤੇ 3-2 ਨਾਲ ਹੀ ਟੀ-20 ਮੈਚਾਂ ਦੀ ਲੜੀ ਜਿੱਤੀ। ਇਸ ਉਪਰੰਤ ਫ਼ਰਵਰੀ ਵਿੱਚ ਬੰਗਲਾਦੇਸ਼ ਨਾਲ ਇੱਕ ਟੈਸਟ ਮੈਚ ਖੇਡਿਆ ਜੋ 208 ਦੌੜਾਂ ਨਾਲ ਆਪਣੇ ਨਾਂ ਕਰ ਲਿਆ। ਇਸ ਤੋਂ ਬਾਅਦ ਫਰਵਰੀ-ਮਾਰਚ ਦੌਰਾਨ ਹੀ ਭਾਰਤੀ ਟੀਮ ਆਸਟਰੇਲੀਆ ਦੇ ਦੌਰੇ ‘ਤੇ ਗਈ। ਇੱਥੇ ਆਸਟਰੇਲੀਆ ਦੀ ਟੀਮ ਨਾਲ 4 ਟੈਸਟ ਮੈਚਾਂ ਦੀ ਲੜੀ ਖੇਡੀ ਗਈ। ਇਸ ਵਿੱਚ ਇੱਕ ਮੈਚ ਡਰਾਅ ਹੋਇਆ। ਇੱਕ ਮੈਚ ਆਸਟਰੇਲੀਆ ਨੇ ਜਿੱਤ ਲਿਆ ਤੇ ਬਾਕੀ ਬਚੇ ਦੋਵੇਂ ਮੈਚ ਭਾਰਤ ਨੇ ਇੱਕ 75 ਦੌੜਾਂ ਨਾਲ ਅਤੇ ਇੱਕ 8 ਵਿਕਟਾਂ ਨਾਲ ਜਿੱਤ ਕੇ ਲੜੀ ਉੱਤੇ ਕਬਜਾ ਕਰ ਲਿਆ।
ਇਸੇ ਸਾਲ ਜੂਨ ਮਹੀਨੇ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਇੰਗਲੈਂਡ ਵਿੱਚ ਕਰਵਾਇਆ ਗਿਆ, ਜਿਸ ਵਿੱਚ ਵੀ ਭਾਰਤੀ ਟੀਮ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਭਾਵੇਂ ਇਸ ਵਾਰੀ ਭਾਰਤੀ ਟੀਮ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਤੋਂ ਬਿਲਕੁਲ ਨਜ਼ਦੀਕ ਜਾ ਕੇ ਖੁੰਝ ਗਈ ਪਰ ਫਿਰ ਵੀ ਫ਼ਾਈਨਲ ਮੈਚ ਤੋਂ ਬਿਨਾਂ ਬਾਕੀ ਮੈਚਾਂ ਵਿੱਚ ਪ੍ਰਦਰਸ਼ਨ ਵਧੀਆ ਕੀਤਾ। ਪਹਿਲਾ ਮੈਚ ਪਾਕਿਸਤਾਨ ਨਾਲ ਹੋਇਆ ਜੋ 124 ਦੌੜਾਂ ਨਾਲ ਜਿੱਤਿਆ। ਦੂਸਰਾ ਮੈਚ ਸ੍ਰੀਲੰਕਾ ਨਾਲ ਹੋਇਆ , ਜੋ 7 ਵਿਕਟਾਂ ਨਾਲ ਜਿੱਤਿਆ। ਤੀਜਾ ਦੱਖਣੀ ਅਫ਼ਰੀਕਾ ਨਾਲ ਖੇਡਿਆ ਜੋ 8 ਵਿਕਟਾਂ ਨਾਲ ਜਿੱਤਿਆ। ਚੌਥਾ ਸੈਮੀ ਫਾਈਨਲ ਬੰਗਲਾਦੇਸ਼ ਨਾਲ ਹੋਇਆ ਜੋ ਭਾਰਤੀ ਟੀਮ ਨੇ 9 ਵਿਕਟਾਂ ਨਾਲ ਜਿੱਤਿਆ। ਆਖ਼ਰੀ ਫ਼ਾਈਨਲ ਮੈਚ ਪਾਕਿਸਤਾਨ ਨਾਲ ਹੋਇਆ ਜਿਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵੈਸਟ ਇੰਡੀਜ਼ ਦੌਰੇ ਦੌਰਾਨ ਟੀਮ ਨੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੀ। ਲੜੀ ਵਿੱਚ ਇੱਕ ਮੈਚ ਤਾਂ ਬਿਨਾਂ ਨਤੀਜੇ ਤੋਂ ਰਿਹਾ ਪਰ ਬਾਕੀ ਬਚੇ 4 ਮੈਚਾਂ ਵਿੱਚੋਂ 1 ਵੈਸਟ ਇੰਡੀਜ਼ ਤੇ ਤਿੰਨ ਮੈਚ ਭਾਰਤੀ ਟੀਮ ਨੇ ਜਿੱਤੇ। ਬੇਸ਼ੱਕ ਟੀਮ ਇੱਕੋ ਇੱਕ ਟੀ-20 ਮੈਚ ਭਾਰਤੀ ਟੀਮ ਵੈਸਟ ਇੰਡੀਜ਼ ਹੱਥੋਂ ਹਾਰ ਗਈ ਪਰ ਫਿਰ ਵੀ ਆਪਣੇ ਹੌਂਸਲੇ ਬੁਲੰਦ ਰੱਖੇ। ਅਗਸਤ-ਸਤੰਬਰ ਦੌਰਾਨ ਭਾਰਤੀ ਟੀਮ ਸ੍ਰੀਲੰਕਾ ਦੇ ਦੌਰੇ ਉੱਤੇ ਗਈ।ਇੱਥੇ ਹੋਏ ਟੈਸਟ ਮੈਚਾਂ ਅਤੇ ਇੱਕ ਦਿਨਾਂ ਮੈਚਾਂ ਦੀ ਲੜੀਆਂ ਕਲੀਨ ਸਵੀਪ ਕਰਕੇ ਜਿੱਤੀਆਂ। ਅਕਤੂਬਰ-ਨਵੰਬਰ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ। ਇੱਥੇ ਇੱਕ ਰੋਜ਼ਾ ਤਿੰਨ ਮੈਚਾਂ ਦੀ ਲੜੀ ਖੇਡੀ ਜਿਸ ਵਿੱਚ ਭਾਰਤ ਨੇ ਦੋ ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ ਇੱਕ ਮੈਚ ਜਿੱਤਿਆ। ਇਹ ਲੜੀ ਵੀ ਭਾਰਤੀ ਟੀਮ ਨੇ ਆਪਣੇ ਖ਼ਾਤੇ ਵਿੱਚ ਪਾ ਲਈ। ਇਸ ਤੋਂ ਬਾਅਦ ਤਿੰਨ ਟੀ-20 ਮੈਚਾਂ ਦੀ ਲੜੀ ਹੋਈ ਜਿਸ ਵਿੱਚ ਵੀ ਭਾਰਤੀ ਟੀਮ ਨੇ 2-1 ਨਾਲ ਲੜੀ ਜਿੱਤੀ। ਆਖ਼ਰੀ ਮਹੀਨਿਆਂ ਨਵੰਬਰ-ਦਸੰਬਰ ਵਿੱਚ ਸ੍ਰੀਲੰਕਾ ਦੀ ਟੀਮ ਭਾਰਤ ਦੇ ਦੌਰੇ ‘ਤੇ ਆਈ।ਇੱਥੇ ਵੀ ਭਾਰਤੀ ਟੀਮ ਭਾਰਤ ਵਾਸੀਆਂ ਦੀਆਂ ਉਮੀਦਾਂ ਤੇ ਖਰੀ ਉਤਰੀ।
ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿੱਚ 2 ਮੈਚ ਡਰਾਅ ਰਹੇ ਅਤੇ ਇੱਕ ਭਾਰਤੀ ਟੀਮ ਨੇ ਜਿੱਤ ਕੇ ਸਾਲ ਦੀ ਆਖ਼ਰੀ ਟੈਸਟ ਲੜੀ ਵੀ ਆਪਣੇ ਨਾਂ ਕਰ ਲਈ। ਇਸ ਉਪਰੰਤ ਇੱਕ ਦਿਨਾਂ ਮੈਚਾਂ ਦੀ ਲੜੀ ਵਿੱਚ 1 ਮੈਚ ਹਾਰ ਕੇ 2 ਮੈਚ ਜਿੱਤ ਕੇ ਸਾਲ ਦੀ ਆਖ਼ਰੀ ਇੱਕ ਰੋਜ਼ਾ ਲੜੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਇਸ ਲੜੀ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਭਾਰਤ ਦਾ ਪ੍ਰਸਿੱਧ ਬੱਲੇਬਾਜ਼ ਰੋਹਿਤ ਸ਼ਰਮਾ, ਜਿਸ ਨੇ ਦੂਸਰੇ ਇੱਕ ਰੋਜ਼ਾ ਵਿੱਚ 153 ਗੇਂਦਾਂ ਖੇਡ ਕੇ 208 ਦੌੜਾਂ ਬਣਾ ਕੇ ਦੂਹਰਾ ਸੈਂਕੜਾ ਆਪਣੇ ਰਿਕਾਰਡ ਵਿੱਚ ਜੋੜਿਆ। ਇਸਦੇ ਨਾਲ ਹੀ ਸਾਲ ਦੀ ਆਖ਼ਰੀ ਤਿੰਨ ਟੀ-20 ਮੈਚਾਂ ਦੀ ਲੜੀ ਖੇਡੀ ਗਈ ਇਹ ਵੀ ਭਾਰਤੀ ਟੀਮ ਨੇ ਆਪਣੇ ਨਾਂ ਕਰ ਲਈ ਹੈ।

You May Also Like

Leave a Reply

Your email address will not be published. Required fields are marked *