ਭਾਰਤ ਵਿੱਚ ਲਾਕਡਾਊਨ 31 ਮਈ ਤਕ ਵਧਾਇਆ, ਨਵੀਆਂ ਸੇਧਾਂ ਜਾਰੀ

ਨਵੀਂ ਦਿੱਲੀ, 17 ਮਈ – ਭਾਰਤ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਇਆ ਗਿਆ ਲਾਕਡਾਊਨ 31 ਮਈ ਤਕ ਵਧਾ ਦਿੱਤਾ ਗਿਆ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕੇਂਦਰ ਸਰਕਾਰ ਨੇ ਚੌਥੇ ਲਾਕਡਾਊਨ ਬਾਰੇ ਨਵੀਂਆਂ ਸੇਧਾਂ ਜਾਰੀ ਕਰਦਿਆਂ ਦੇਸ਼ ਵਿੱਚ ਹਵਾਈ, ਰੇਲ ਅਤੇ ਮੈਟਰੋ ਰੇਲ ਸੇਵਾਵਾਂ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ ਅਤੇ ਧਾਰਮਿਕ ਅਦਾਰੇ ਵੀ ਹਾਲੇ ਬੰਦ ਰਹਿਣਗੇ।
ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਭਾਰਤ ਦੇ ਸਾਰੇ ਮੰਤਰਾਲਿਆਂ ਤੇ ਰਾਜ ਸਰਕਾਰਾਂ ਨੂੰ ਦੇਸ਼ ਵਿੱਚ 31 ਮਈ ਤਕ ਲਾਕਡਾਊਨ ਜਾਰੀ ਰੱਖਣ ਨੂੰ ਕਿਹਾ ਹੈ। ਅੱਜ ਸੋਮਵਾਰ ਨੂੰ ਤੀਸਰੇ ਲਾਕਡਾਊਨ ਦਾ ਆਖ਼ਰੀ ਦਿਨ ਸੀ, ਪਰ ਮਹਾਰਾਸ਼ਟਰ ਤੇ ਤਮਿਲ ਨਾਡੂ ਨੇ 31 ਮਈ ਤਕ ਲਾਕਡਾਊਨ ਵਧਾਉਣ ਦਾ ਐਲਾਨ ਅਗੇਤਾ ਕਰ ਦਿੱਤਾ ਸੀ। ਤੇਲੰਗਾਨਾ ਅਤੇ ਮਿਜ਼ੋਰਮ ਨੇ ਇਸ ਤੋਂ ਪਹਿਲਾਂ ਹੀ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ 18 ਮਈ ਤੋਂ ਕਰਫਿਊ ਹਟਾ ਕੇ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੋਇਆ ਹੈ।
ਵਰਨਣ ਯੋਗ ਹੈ ਕਿ ਪਿਛਲੇ ਮੰਗਲਵਾਰ ਦੇਸ਼ ਦੇ ਨਾਂ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਲਾਕਡਾਊਨ ਅਜੇ ਪੂਰਾ ਨਹੀਂ ਹਟੇਗਾ, ਪਰ ਉਨ੍ਹਾਂ ਨੇ ਚੌਥੇ ਪੜਾਅ ਵਿੱਚ ਵੱਧ ਛੋਟਾਂ ਦੇਣ ਦਾ ਸੰਕੇਤ ਦਿੱਤਾ ਸੀ। ਅੱਜ ਅਧਿਕਾਰੀਆਂ ਦੇ ਦੱਸਣ ਮੁਤਾਬਕ 18 ਮਈ ਤੋਂ ਸ਼ੁਰੂ ਹੋ ਰਹੇ ਲਾਕਡਾਊਨ ਦੇ ਚੌਥੇ ਪੜਾਅ ਵਿੱਚ ਗ੍ਰੀਨ ਜ਼ੋਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਫ਼ੈਸਲਾ ਹੋ ਸਕਦਾ ਹੈ, ਪਰ ਇਸ ਵਿੱਚ ਹਾਟ-ਸਪਾਟ ਤੈਅ ਕਰਨ ਦਾ ਅਧਿਕਾਰ ਰਾਜਾਂ ਸਰਕਾਰਾਂ ਨੂੰ ਦੇ ਦਿੱਤਾ ਜਾਵੇਗਾ। ਸਰੀਰਕ ਦੂਰੀ ਦਾ ਪਾਲਣ ਕਰਨਾ ਤੇ ਮਾਸਕ ਲਾਉਣ ਦੇ ਪ੍ਰਬੰਧ ਸਾਰਿਆਂ ਲਈ ਫਿਰ ਵੀ ਜ਼ਰੂਰੀ ਹੋਣਗੇ।
ਐਤਵਾਰ ਸ਼ਾਮ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 90,927 ਤੇ ਇਸ ਸਮੇਂ ਦੌਰਾਨ ਮੌਤਾਂ ਦੀ ਗਿਣਤੀ 2872 ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 34,109 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਵੱਲ ਵੀ ਜਾ ਚੁੱਕੇ ਹਨ। ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਦੀ ਸਥਿਤੀ ਅਜੇ ਵੀ ਚਿੰਤਾ ਵਾਲੀ ਲੱਗਦੀ ਹੈ। ਇਸ ਵੇਲੇ ਤੱਕ ਮਹਾਰਾਸ਼ਟਰ ਵਿੱਚ ਕੁੱਲ 30,706 ਕੇਸ ਅਤੇ 1135 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਵਿੱਚ ਕੁੱਲ ਮੌਤਾਂ ਦੀ ਗਿਣਤੀ 625, ਮੱਧ ਪ੍ਰਦੇਸ਼ ਵਿੱਚ 243, ਪੱਛਮੀ ਬੰਗਾਲ ਵਿੱਚ 232, ਦਿੱਲੀ ਵਿੱਚ 129, ਰਾਜਸਥਾਨ ਵਿੱਚ 126 ਅਤੇ ਉੱਤਰ ਪ੍ਰਦੇਸ਼ ਵਿੱਚ ਕੁੱਲ 104 ਮੌਤਾਂ ਹੋ ਚੁੱਕੀਆਂ ਹਨ।

You May Also Like

Leave a Reply

Your email address will not be published. Required fields are marked *