ਭਾਰਤ ਵੱਲੋਂ ਉੱਜ ਦਰਿਆ ਦਾ ਪਾਣੀ ਪਾਕਿਸਤਾਨ ਨੂੰ ਨਾ ਦੇਣ ਦਾ ਫੈਸਲਾ

ਜੰਮੂ, 16 ਮਈ – ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਉੱਜ ਮਲਟੀਪਰਪਸ ਪ੍ਰਾਜੈਕਟ ਦੇ ਛੇਤੀ ਸ਼ੁਰੂ ਹੋਣ ਦੀ ਆਸ ਜਤਾਈ ਗਈ ਹੈ ਅਤੇ ਇਸ ਨਾਲ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਹੋ ਜਾਵੇਗਾ। ਇਸ ਪ੍ਰਾਜੈਕਟ ਦੀ ਸੋਧੀ ਹੋਈ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਜਾਂਦੇ ਪਾਣੀ ਉੱਤੇ ਰੋਕ ਲੱਗ ਜਾਵੇਗੀ ਅਤੇ ਇਹ ਪਾਣੀ ਜੰਮੂ ਕਸ਼ਮੀਰ ਦੇ ਖੇਤਾਂ ਦੀ ਸਿੰਜਾਈ ਲਈ ਵਰਤਣ ਦੀ ਯੋਜਨਾ ਸਿਰੇ ਚਾੜ੍ਹੀ ਜਾਵੇਗੀ। ਇਸ ਸੰਬੰਧ ਵਿੱਚ ਭਾਰਤ ਦੀ ਕੇਂਦਰੀ ਸਲਾਹਕਾਰ ਕਮੇਟੀ ਨੇ ਇਸ ਮਲਟੀਪਰਪਜ਼ ਡ੍ਰੀਮ ਪ੍ਰਾਜੈਕਟ ਦੀ ਸੋਧ ਰਿਪੋਰਟ ਨੂੰ ਕੱਲ੍ਹ ਮਨਜ਼ੂਰ ਕਰ ਲਿਆ ਹੈ। ਇਸ ਪ੍ਰਾਜੈਕਟ ਦੀ ਉਸਾਰੀ ਕਰਨ ਉੱਤੇ ਕੁੱਲ 9,167 ਕਰੋੜ ਰੁਪਏ ਲਾਗਤ ਆਵੇਗੀ।
ਵਰਨਣ ਯੋਗ ਹੈ ਕਿ ਇਹ ਪ੍ਰਾਜੈਕਟ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਸੀ ਅਤੇ ਜਲ ਸਰੋਤ ਤੇ ਨਦੀਆਂ ਦੇ ਵਿਕਾਸ ਬਾਰੇ ਵਿਭਾਗ ਦੇ ਕੇਂਦਰੀ ਸੈਕਟਰੀ ਯੂ ਪੀ ਸਿੰਘ ਦੀ ਅਗਵਾਈ ਵਿਚ ਕੱਲ੍ਹ ਹੋਈ ਬੈਠਕ ਵਿਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪ੍ਰਾਜੈਕਟ ਵਿਚ ਨਵੀਂ ਨਹਿਰ ਬਣਾ ਕੇ 7,044 ਹੈਕਟੇਅਰ ਭੂਮੀ ਦੀ ਸਿੰਜਾਈ ਕੀਤੇ ਜਾਣ ਦੀ ਤਜਵੀਜ਼ ਹੈ, ਜਿਸ ਨਾਲ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਦੇ 121 ਪਿੰਡਾਂ ਦੀ ਸਿੰਜਾਈ ਕੀਤੀ ਜਾਵੇਗੀ ਤੇ ਇਸ ਨਹਿਰ ਨਾਲ ਸਾਂਬਾ ਜ਼ਿਲੇ ਦੇ ਲੋਕਾਂ ਨੂੰ ਪੀਣ ਦਾ ਪਾਣੀ ਤੇ ਉਦਯੋਗਾਂ ਨੂੰ ਵੀ ਪਾਣੀ ਮਿਲੇਗਾ। ਇਸ ਨਵੀਂ ਨਹਿਰ ਤੋਂ ਤਵੀ ਕਮਾਂਡ ਦੇ 12,569 ਹੈਕਟੇਅਰ ਭੂਮੀ ਨੂੰ ਪਾਣੀ ਦੇਣ ਦਾ ਵਿਚਾਰ ਵੀ ਹੈ। ਹਾਲੇ ਤੱਕ ਏਥੇ ਲਿਫਟ ਨਾਲ ਪਾਣੀ ਦਿੱਤਾ ਜਾਂਦਾ ਹੈ।
ਉੱਜ ਦਰਿਆ ਦਾ ਇਹ ਮਲਟੀਪਰਪਜ਼ ਪ੍ਰਾਜੈਕਟ ਸਾਲ 2008 ਵਿਚ ਨੈਸ਼ਨਲ ਪ੍ਰਾਜੈਕਟ ਐਲਾਨ ਕੀਤਾ ਗਿਆ ਸੀ। ਇਸ ਦੀ ਰਿਪੋਰਟ ਸ਼ੁਰੂ ਵਿਚ ਕੇਂਦਰੀ ਵਾਟਰ ਕਮਿਸ਼ਨ ਦੀ ਇੰਡਸ ਬੇਸਿਨ ਆਰਗੇਨਾਈਜ਼ੇਸ਼ਨ ਨੇ ਬਣਾਈ ਸੀ ਅਤੇ ਇਸ ਉੱਤੇ ਪਹਿਲੀ ਵਾਰ ਨਵੰਬਰ 2016 ਵਿਚ ਸਲਾਹਕਾਰ ਕਮੇਟੀ ਨੇ ਚਰਚਾ ਕੀਤੀ ਸੀ। ਇਸ ਨੂੰ ਮਨਜ਼ੂਰੀ ਦੇਣ ਵੇਲੇ ਖੇਤੀ ਯੋਗ 16,743 ਹੈਕਟੇਅਰ ਭੂਮੀ ਦੀ ਸਿੰਜਾਈ ਦੀ ਤਜਵੀਜ਼ ਸੀ। ਤਵੀ ਨਦੀ ਦਾ ਪਾਣੀ ਨਵੀਂ ਨਹਿਰ ਦੇ ਨਾਲ ਜੋੜਿਆ ਜਾਵੇਗਾ ਅਤੇ ਇਸ ਨਾਲ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਦਿੱਤਾ ਜਾਵੇਗਾ।

You May Also Like

Leave a Reply

Your email address will not be published. Required fields are marked *