ਮਾਰੀਜੁਆਨਾ ਕਾਨੂੰਨੀਕਰਨ ਪਲਾਨ ਬਿਨਾਂ ਦੇਰੀ ਅੱਗੇ ਵਧੇਗਾ : ਟਰੂਡੋ

ਓਟਾਵਾ— ਕੈਨੇਡਾ ‘ਚ ਮਾਰੀਜੁਆਨਾ ਨੂੰ ਲੈ ਕੇ ਸੈਨੇਟਰਜ਼, ਇੰਡੀਜੀਨਸ ਆਗੂ ਤੇ ਹੋਰ ਅਧਿਕਾਰੀ ਇਸ ਦੇ ਕਾਨੂੰਨੀਕਰਨ ਦਾ ਸਮਾਂ ਹੋਰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ ਪਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਰੀਜੁਆਨਾ ਦੇ ਕਾਨੂੰਨੀਕਰਨ ਕਰਨ ਲਈ ਆਪਣੀ ਸਰਕਾਰ ਵਲੋਂ ਮਿਥੇ ਸਮੇਂ ਨੂੰ ਕਿਸੇ ਵੀ ਹਾਲ ‘ਚ ਅੱਗੇ ਨਹੀਂ ਵਧਾਉਣਾ ਚਾਹੁੰਦੇ।
ਟਰੂਡੋ ਦਾ ਕਹਿਣਾ ਹੈ ਕਿ ਇਨ੍ਹਾਂ ਗਰਮੀਆਂ ‘ਚ ਮਾਰੀਜੁਆਨਾ ਦੇ ਕਾਨੂੰਨੀਕਰਨ ਦੀ ਯੋਜਨਾ ਬਿਨਾਂ ਕਿਸੇ ਦੇਰ ਤੋਂ ਪੂਰੀ ਹੋ ਕੇ ਰਹੇਗੀ। ਬੁੱਧਵਾਰ ਨੂੰ ਅਜਿਹੀਆਂ ਖਬਰਾਂ ਮਿਲ ਰਹੀਆਂ ਸਨ ਕਿ ਟੈਕਸੇਸ਼ਨ, ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸਮੱਗਰੀ ਤੇ ਇਸ ਦੀ ਲਤ ਦੇ ਇਲਾਜ ਲਈ ਫਰਸਟ ਨੇਸ਼ਨਜ਼ ਨਾਲ ਸਲਾਹ ਮਸ਼ਵਰੇ ਬਾਰੇ ਸੈਨੇਟ ਕਮੇਟੀ ਦੀ ਰਿਪੋਰਟ ਤੋਂ ਬਾਅਦ ਟਰੂਡੋ ਇਸ ਪ੍ਰਕਿਰਿਆ ਨੂੰ ਮੱਠਾ ਕਰਨ ਲਈ ਰਾਜ਼ੀ ਹੋ ਗਏ ਹਨ।
ਟਰੂਡੋ ਨੇ ਆਖਿਆ ਕਿ ਹਰ ਰੋਜ਼ ਜਦੋਂ ਤੱਕ ਮੈਰੀਜੁਆਨਾ ਗੈਰ-ਕਾਨੂੰਨੀ ਰਹੇਗੀ, ਕੈਨੇਡੀਅਨਾਂ ਦਾ ਨੁਕਸਾਨ ਹੁੰਦਾ ਰਹੇਗਾ। ਇਸ ਨਾਲ ਇਹੋ ਸਿੱਧ ਹੁੰਦਾ ਹੈ ਕਿ ਮੌਜੂਦਾ ਪਹੁੰਚ ਕੰਮ ਨਹੀਂ ਕਰ ਰਹੀ। ਪਰ ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨੀਕਰਨ ਕਰਨਾ ਇੱਕ ਪ੍ਰਕਿਰਿਆ ਹੈ, ਇਸ ‘ਚ ਪ੍ਰੋਵਿੰਸਾਂ, ਮਿਉਂਸਪੈਲਿਟੀਜ਼ ਤੇ ਮੂਲਵਾਸੀ ਆਗੂਆਂ ਨਾਲ ਲਗਾਤਾਰ ਕੰਮ ਕਰਨਾ ਸ਼ਾਮਲ ਹੈ ਤਾਂ ਕਿ ਇਸ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਇਸ ਸਬੰਧੀ ਕਾਨੂੰਨ ਸਹੀ ਢੰਗ ਨਾਲ ਲਾਗੂ ਹੋਵੇ। ਉਨ੍ਹਾਂ ਕਿਹਾ ਕਿ ਮਾਰੀਜੁਆਨਾ ਦੇ ਕਾਨੂੰਨੀਕਰਨ ਨਾਲ ਅਪਰਾਧਿਕ ਸੰਗਠਨਾਂ ਤੇ ਡਰੱਗ ਡੀਲਰਾਂ ਦੇ ਹੱਥੋਂ ਇਸ ਦਾ ਕੰਟਰੋਲ ਖਤਮ ਹੋ ਜਾਵੇਗਾ।

You May Also Like

Leave a Reply

Your email address will not be published. Required fields are marked *