ਚੰਡੀਗਡ਼੍ਹ: ਜਗਰਾਉਂ ਦੇ ਪਿੰਡ ਕਾਉਂਕੇ ਖੋਸਾ ਦੇ ਸੁਖਵਿੰਦਰ ਸਿੰਘ ਮਿੱਠੂ ਵਿਰੁੱਧ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਪੁਲੀਸ ਵੱਲੋਂ ਦਰਜ ਫ਼ਰਜ਼ੀ ਕੇਸਾਂ ਦੀ ਜਾਂਚ ਕਰ ਰਹੇ ਦੋ ਮੈਂਬਰੀ ਕਮਿਸ਼ਨ ਨੇ ਪੁਲੀਸ ਅਧਿਕਾਰੀਆਂ ਤੇ ਗਵਾਹਾਂ ਨੂੰ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਜੱਸੀ ਨੇ ਸਾਲ 2000 ਵਿੱਚ ਮਾਪਿਆਂ ਦੀ ਮਰਜ਼ੀ ਖ਼ਿਲਾਫ਼ ਸੁਖਵਿੰਦਰ ਸਿੰਘ ਮਿੱਠੂ ਨਾਲ ਵਿਆਹ ਕਰਵਾਇਆ ਸੀ, ਜਿਸ ਮਗਰੋਂ ਜੱਸੀ ਦਾ ਅਣਖ ਲਈ ਕਤਲ ਹੋ ਗਿਆ। ਇਸ ਤੋਂ ਬਾਅਦ ਮਿੱਠੂ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਉਸ ਖ਼ਿਲਾਫ਼ ਪੁਲੀਸ ਨੇ ਛੇ ਕੇਸ ਦਰਜ ਕੀਤੇ, ਜਿਨ੍ਹਾਂ ਵਿੱਚੋਂ ਦੋ ਵਿੱਚੋਂ ਉਹ ਬਰੀ ਹੋ ਚੁੱਕਾ ਹੈ।
ਟ੍ਰਿਬਿਊਨ ਵਿੱਚ ਛਪੀ ਰਿਪੋਰਟ ਦਾ ਨੋਟਿਸ ਲੈਂਦਿਆਂ ਕਮਿਸ਼ਨ ਦੀ ਅਗਵਾਈ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ (ਸੇਵਾਮੁਕਤ) ਨੇ ਮਿੱਠੂ ਨੂੰ ਪ੍ਰੇਸ਼ਾਨ ਕਰਨ ਦੇ ਕੇਸ ਵਿੱਚ ਪੁਲੀਸ ਅਧਿਕਾਰੀਆਂ ਤੇ ਗਵਾਹਾਂ ਨੂੰ 23 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਇਸ ਨੂੰ ਤਰਜੀਹੀ ਕੇਸ ਵਜੋਂ ਲਿਆ ਹੈ।