ਨਵੀਂ ਦਿੱਲੀ— ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਘਿਰੇ ਕੇਂਦਰੀ ਮੰਤਰੀ ਐਮ ਜੇ ਅਕਬਰ ਐਤਵਾਰ ਨੂੰ ਵਤਨ ਪਰਤ ਰਹੇ ਹਨ।ਉਨ੍ਹਾਂ ‘ਤੇ ਲੱਗੇ ਦੋਸ਼ਾਂ ਮਗਰੋਂ ਭਾਜਪਾ ਅਕਬਰ ਤੋਂ ਸਫਾਈ ਮੰਗਣ ਦੇ ਰੌਂਅ ‘ਚ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਾ ਅਕਸ ਸਾਫ ਰੱਖਣ ਲਈ ਉਨ੍ਹਾਂ ਦਾ ਅਸਤੀਫਾ ਵੀ ਲਿਆ ਜਾ ਸਕਦਾ ਹੈ।ਵਿਦੇਸ਼ ਰਾਜ ਮੰਤਰੀ ਨੇ ਅਜੇ ਤਕ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ।
ਰਿਪੋਰਟਾਂ ਮੁਤਾਬਕ, ਇਕ ਵਿਦੇਸ਼ੀ ਪੱਤਰਕਾਰ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ 18 ਸਾਲ ਦੀ ਉਮਰ ‘ਚ ਸਿਖਲਾਈ ਲੈਣ ਲਈ ਆਈ ਸੀ ਤਾਂ ਅਕਬਰ ਨੇ 2007 ‘ਚ ਉਸ ਦਾ ਸ਼ੋਸ਼ਣ ਕੀਤਾ ਸੀ।ਭਾਜਪਾ ਨੇ ਭਾਵੇਂ ਇਸ ਮੁੱਦੇ ‘ਤੇ ਖਾਮੋਸ਼ੀ ਧਾਰੀ ਹੋਈ ਹੈ ਪਰ ਸੂਤਰਾਂ ਨੇ ਕਿਹਾ ਕਿ ਅਕਬਰ ਬਾਰੇ ਅੰਤਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈਣਾ ਹੈ।ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਕਬਰ ਖਿਲਾਫ ਵੈੱਬਸਾਈਟ ‘ਤੇ ਦੋਸ਼ ਮੜ੍ਹੇ ਗਏ ਹਨ ਅਤੇ ਉਨ੍ਹਾਂ ‘ਤੇ ਟਿੱਪਣੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਦੋਸ਼ਾਂ ਦੀ ਪੜਤਾਲ ਹੋਣੀ ਚਾਹੀਦੀ ਹੈ।ਇਸ ਦੌਰਾਨ ਮਹਿਲਾ ਪੱਤਰਕਾਰਾਂ ਦੇ ਗਰੁੱਪ ਨੇ ਰਾਜਧਾਨੀ ‘ਚ ਪ੍ਰਦਰਸ਼ਨ ਕਰਕੇ ਅਕਬਰ ਨੂੰ ਮੰਤਰੀ ਮੰਡਲ ‘ਚੋਂ ਹਟਾਉਣ ਦੀ ਮੰਗ ਕੀਤੀ।ਉਨ੍ਹਾਂ ਸਾਂਝਾ ਮਤਾ ਪਾਸ ਕਰਕੇ ਪੀੜਤ ਮਹਿਲਾਵਾਂ ਲਈ ਇਨਸਾਫ਼ ਵੀ ਮੰਗਿਆ।ਪ੍ਰਦਰਸ਼ਨਕਾਰੀ ਪੱਤਰਕਾਰਾਂ ਨੇ ਹੱਥਾਂ ‘ਚ ਵੱਖ ਵੱਖ ਤਰ੍ਹਾਂ ਦੇ ਬੈਨਰ ਫੜੇ ਹੋਏ ਸਨ ਅਤੇ ਉਹ ਕੰਮ ਵਾਲੀਆਂ ਥਾਵਾਂ ‘ਤੇ ਮਹਿਲਾਵਾਂ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਢੁਕਵੇਂ ਜਿਨਸੀ ਸ਼ੋਸ਼ਣ ਰੋਕੂ ਐਕਟ ਲਾਗੂ ਕਰਨ ਦੀ ਮੰਗ ਕਰ ਰਹੀਆਂ ਸਨ।