ਚੰਡੀਗੜ੍ਹ — ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਗੁਰਦਾਸਪੁਰ ਸੰਸਦੀ ਉਪ ਚੋਣ ‘ਚ ਜੇਕਰ ਅਕਾਲੀ ਭਾਜਪਾ ਗਠਬੰਧਨ ਨੇ ਸਵਰਨ ਸਲਾਰੀਆ ਦੀ ਬਜਾਇ ਮਰਹੂਮ ਅਭਿਨੇਤਾ ਤੇ ਸੰਸਦੀ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਆਪਣਾ ਉਮੀਦਵਾਰ ਚੁਣਿਆ ਹੁੰਦਾ ਤਾਂ ਚੋਣ ਮੁਕਾਬਲਾ ਸਖਤ ਹੋ ਸਕਦਾ ਸੀ।
ਸ਼ਾਨ ਨਾਲ ਜਿੱਤਾਂਗੇ ਅਸੀਂ ਗੁਰਦਾਸਪੁਰ ਉਪ ਚੋਣ
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਵਿਤਾ ਖੰਨਾ ਦੀ ਗੈਰ-ਹਾਜ਼ਰੀ ‘ਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਤੇ ਸਲਾਰੀਆ ‘ਚ ਮੁਕਾਬਲਾ ਇਕ ਤਰਫਾ ਰਿਹਾ ਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਇਸ ਉਪ ਚੋਣ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇਗੀ। ਸਿੱਧੂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਗੁਰਦਾਸਪੁਰ ਉਪ ਚੋਣਾਂ ‘ਚ ਪ੍ਰਚਾਰ ਦਾ ਪੱਧਰ ਇਸ ਹੱਦ ਤਕ ਡਿਗਿਆ ਕਿ ਸਾਧਾਰਨ ਵਿਅਕਤੀਆਂ ਦਾ ਇਸ ‘ਚ ਹਿੱਸਾ ਲੈਣਾ ਵੀ ਮੁਸ਼ਕਲ ਹੋ ਗਿਆ।
ਅਕਾਲੀ ਬੋਝ ਬਣ ਗਏ ਹਨ ਭਾਜਪਾ ‘ਤੇ
ਉਨ੍ਹਾਂ ਨੇ ਇਸ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਹੁਣ ਭਾਜਪਾ ਦੇ ਲਈ ਬੋਝ ਬਣ ਗਏ ਹਨ ਤੇ ਭਾਜਪਾ ਨੇਤਾ ਜਿੰਨੀ ਜਲਦੀ ਅਕਾਲੀਆਂ ਤੋਂ ਆਪਣਾ ਪੱਲਾ ਛੁਡਵਾਉਣਗੇ ਉਨ੍ਹਾਂ ਹੀ ਚੰਗਾ ਰਹੇਗਾ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਗਾਇਆ ਕਿ ਉਹ ਝੂਠੀਆਂ ਸੱਚੀਆਂ ਗੱਲਾਂ ਕਹਿ ਕੇ ਉਨ੍ਹਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੀ ਇਸ ਸਾਜਿਸ਼ ‘ਚ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਦੇ ਸਾਲੇ ਹੋਣ ਦੇ ਨਾਤੇ ਉਨ੍ਹਾਂ ਨੇ ਰਣਜੀਤ ਸਿੰਘ ਬ੍ਰਹਿਮਪੁਰਾ ਤੇ ਬਲਵਿੰਦਰ ਸਿੰਘ ਭੂੰਦੜ ਜਿਵੇਂ ਟਕਸਾਲੀ ਅਕਾਲੀ ਨੇਤਾਵਾਂ ਨੂੰ ਵੀ ਖੁੱਡੇ ਲਾਈਨ ਰੱਖਿਆ।