ਮੋਦੀ ਵੱਲੋਂ ਫ਼ਲਸਤੀਨ ਦਾ ਇਤਿਹਾਸਕ ਦੌਰਾ

ਰਾਮੱਲ੍ਹਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਇਤਿਹਾਸਕ ਦੌਰੇ ਮੌਕੇ ਅੱਜ ਉਥੋਂ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਜ਼ਰਾਈਲ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਇਜ਼ਰਾਈਲ ਅਤੇ ਫਲਸਤੀਨ ਨਾਲ ਸੁਤੰਤਰ ਰੂਪ ’ਚ ਸਬੰਧ ਹਨ ਅਤੇ ਉਹ ਕਿਸੇ ਇਕ ਨੂੰ ਨਿਰਲੇਪ ਕਰਕੇ ਨਹੀਂ ਚਲ ਸਕਦਾ। ਇਸ ਮੌਕੇ ਦੋਵੇਂ ਮੁਲਕਾਂ ਨੇ 3 ਕਰੋੜ ਡਾਲਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਸਮੇਤ ਕਰੀਬ 5 ਕਰੋੜ ਡਾਲਰ ਮੁੱਲ ਦੇ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਸ ’ਚ 50 ਲੱਖ ਡਾਲਰ ਨਾਲ ਮਹਿਲਾ ਸ਼ਕਤੀਕਰਨ ਬਾਰੇ     ਕੇਂਦਰ ਦੀ ਉਸਾਰੀ ਵੀ ਸ਼ਾਮਲ ਹੈ। ਰਾਸ਼ਟਰਪਤੀ ਅੱਬਾਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਸਵਾਗਤ ਕੀਤਾ। ਸ੍ਰੀ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਫਲਸਤੀਨ ਦੇ ਸਰਕਾਰੀ ਦੌਰੇ ’ਤੇ ਗਏ ਹਨ। ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਅੱਬਾਸ ਨੂੰ ਭਰੋਸਾ ਦਿੱਤਾ ਕਿ ਫਲਸਤੀਨੀ ਲੋਕਾਂ ਦੇ ਹਿੱਤਾਂ ਪ੍ਰਤੀ ਭਾਰਤ ਵਚਨਬੱਧ ਹੈ। ਉਨ੍ਹਾਂ ਮੁਤਾਬਕ ਭਾਰਤ ਨੂੰ ਉਮੀਦ ਹੈ ਕਿ ਖ਼ਿੱਤੇ ’ਚ ਸ਼ਾਂਤੀ ਪਰਤੇਗੀ। ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਅਸੀਂ ਜਾਣਦੇ ਹਾਂ ਕਿ ਸ਼ਾਂਤੀ ਆਉਣੀ ਸੁਖਾਲੀ ਨਹੀਂ ਹੈ ਪਰ ਸਾਨੂੰ ਇਸ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ।’’ ਉਧਰ ਰਾਸ਼ਟਰਪਤੀ ਅੱਬਾਸ ਨੇ ਕਬੂਲਿਆ ਕਿ ਭਾਰਤੀ ਆਗੂਆਂ ਨੇ ਫਲਸਤੀਨ ’ਚ ਹਮੇਸ਼ਾ ਸ਼ਾਂਤੀ ਦੇ ਪੱਖ ’ਚ ਸਾਥ ਦਿੱਤਾ ਹੈ। ਉਨ੍ਹਾਂ ਭਾਰਤ ਨੂੰ ਕਿਹਾ ਕਿ ਉਹ ਇਜ਼ਰਾਈਲ ਨਾਲ ਸ਼ਾਂਤੀ ਪ੍ਰਕਿਰਿਆ ਦੀ ਗੱਲਬਾਤ ਕਰੇ। ਸਿੱਖਿਆ ਖੇਤਰ ਅਤੇ ਕੌਮੀ ਪ੍ਰਿੰਟਿੰਗ ਪ੍ਰੈੱਸ ਦੀ ਮਸ਼ੀਨਰੀ ਦੀ ਖ਼ਰੀਦ ਲਈ 50 ਲੱਖ ਡਾਲਰ ਦੇ ਤਿੰਨ ਸਮਝੌਤੇ ਵੀ ਕੀਤੇ ਗਏ। ਇਥੇ ਪੁੱਜਣ ਮਗਰੋਂ ਪ੍ਰਧਾਨ ਮੰਤਰੀ ਨੇ ਯਾਸਰ ਅਰਾਫ਼ਾਤ ਦੀ ਸਮਾਧ ਦਾ ਦੌਰਾ ਕਰਕੇ ਉਥੇ ਸ਼ਰਧਾ ਦੇ ਫੁੱਲ ਚੜ੍ਹਾਏ। ਉਨ੍ਹਾਂ ਨਾਲ ਫਲਸਤੀਨੀ ਹਮਰੁਤਬਾ ਹਾਮਦੱਲ੍ਹਾ ਵੀ ਹਾਜ਼ਰ ਸਨ।

You May Also Like

Leave a Reply

Your email address will not be published. Required fields are marked *