ਮੌਨਸੂਨ ਨੇ ਅੱਧਾ ਪੰਜਾਬ ਸੁੱਕਾ ਛੱਡਿਆ

*    11 ਜ਼ਿਲ੍ਹਿਆਂ ਦੇ ਕਿਸਾਨ ਮੀਂਹ ਨਾ ਪੈਣ ਕਰ ਕੇ  ਨਿਰਾਸ਼

ਚੰਡੀਗੜ੍ਹ: ਸਾਉਣ ਦਾ ਅੱਧਾ ਮਹੀਨਾ ਗੁਜ਼ਰ ਗਿਆ ਹੈ ਪਰ  ਅੱਧਾ ਪੰਜਾਬ ਹਾਲੇ ਵੀ ਭਰਵੇਂ ਮੀਂਹ ਦੀ ਉਡੀਕ ’ਚ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਨਾਲ ਕਿਸਾਨਾਂ ਦੀ ਆਸ ਬੱਝਦੀ ਅਤੇ ਟੁੱਟਦੀ ਰਹੀ। ਇਸ ਵਾਰ ਸੱਭ ਤੋਂ ਵੱਧ ਵਾਰ ਮੀਂਹ ਦੀ ਪੇਸ਼ੀਨਗੋਈ ਗਲਤ ਹੋਈ ਹੈ ਅਤੇ ਅੱਧਾ ਪੰਜਾਬ ਸੋਕੇ ਦੀ ਮਾਰ ਹੇਠ ਹੈ। ਪੰਜਾਬ ਵਿੱਚ 31 ਜੁਲਾਈ ਤੱਕ ਆਮ ਨਾਲੋਂ  ਔਸਤਨ 23 ਮਿਲੀ ਮੀਟਰ ਘੱਟ ਮੀਂਹ ਪਿਆ ਹੈ। ਹਰਿਆਣੇ ਵਿੱਚ ਵੀ ਆਮ ਨਾਲੋਂ 20 ਫ਼ੀਸਦ ਘੱਟ ਬਾਰਸ਼ ਹੋਈ ਹੈ। ਪੰਜਾਬ ਦੇ 11 ਜ਼ਿਲ੍ਹਿਆਂ  ਵਿੱਚ ਸੋਕੇ ਵਾਲੀ ਸਥਿਤੀ ਬਣਨ ਲੱਗੀ ਹੈ। ਸੱਭ ਤੋਂ ਵੱਧ ਮਾੜਾ ਹਾਲ ਫ਼ਿਰੋਜ਼ਪੁਰ ਦਾ ਹੈ ਜਿੱਥੇ ਆਮ ਨਾਲੋਂ 75 ਫ਼ੀਸਦੀ ਘੱਟ ਬਾਰਸ਼ ਹੋਈ ਹੈ। ਚੰਡੀਗੜ੍ਹ ਵੀ ਇਸ ਵਾਰ ਸੁੱਕਾ ਰਹਿ ਗਿਆ ਸੀ ਪਰ ਪਿਛਲੇ ਹਫ਼ਤੇ ਅਤੇ ਕਲ੍ਹ ਹੋਈ ਭਰਵੀਂ ਬਾਰਸ਼ ਨੇ ਤਸੱਲੀ ਕਰਵਾ ਦਿੱਤੀ ਹੈ। ਉਂਜ ਆਮ ਨਾਲੋਂ 12 ਫ਼ੀਸਦ ਘੱਟ ਮੀਂਹ ਪਿਆ ਹੈ ਜਦੋਂ ਕਿ 10 ਦਿਨ ਪਹਿਲਾਂ ਤੱਕ ਇਹ ਪ੍ਰਤੀਸ਼ਤਤਾ 48 ਫ਼ੀਸਦ ਸੀ। ਚੰਡੀਗੜ੍ਹ ਵਿੱਚ 30 ਜੁਲਾਈ ਨੂੰ ਇੱਕ ਘੰਟੇ ਵਿੱਚ 34 ਮਿਲੀ ਮੀਟਰ ਮੀਂਹ ਵਰ੍ਹਿਆ ਹੈ। ਹਰਿਆਣੇ ਦੀ ਹਾਲਤ ਵੀ ਵੱਖਰੀ ਨਹੀਂ ਹੈ। ਪੰਚਕੂਲਾ ਪੂਰੇ ਰਾਜ ’ਚੋਂ ਸੱਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੇ ਆਮ ਨਾਲੋਂ 73 ਫ਼ੀਸਦ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅੱਜ ਤਕ 200.3 ਮਿਲੀ ਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ ਜਦੋਂ ਕਿ ਆਮ ਬਾਰਸ਼ 223.3 ਮਿਲੀ ਮੀਟਰ ਹੁੰਦੀ ਰਹੀ ਹੈ। ਹਰਿਆਣੇ ਵਿੱਚ 203 ਮਿਲੀ ਮੀਟਰ ਬਾਰਸ਼ ਹੁੰਦੀ ਰਹੀ ਹੈ ਪਰ ਇਸ ਵਾਰ ਹਾਲੇ ਤੱਕ ਸਿਰਫ਼ 183.9 ਮਿਲੀ ਮੀਟਰ ਬਾਰਸ਼ ਹੀ ਰਿਕਾਰਡ ਕੀਤੀ ਗਈ ਹੈ। ਫ਼ਿਰੋਜ਼ਪੁਰ ਵਿੱਚ ਕੇਵਲ 39 ਮਿਲੀ ਮੀਟਰ ਬਾਰਸ਼ ਹੋਈ ਹੈ ਅਤੇ ਕਿਸਾਨ ਸੋਕੇ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਮੁਹਾਲੀ ਵਿੱਚ ਆਮ ਨਾਲੋਂ 43 ਫ਼ੀਸਦ, ਪਟਿਆਲਾ ਵਿੱਚ 42 ਫ਼ੀਸਦ, ਹੁਸ਼ਿਆਰਪੁਰ ’ਚ 37 ਫ਼ੀਸਦ, ਜਲੰਧਰ ’ਚ 36 ਫ਼ੀਸਦ, ਸੰਗਰੂਰ ਵਿੱਚ 39 ਫ਼ੀਸਦ, ਫ਼ਤਹਿਗੜ੍ਹ ਸਾਹਿਬ ਵਿੱਚ 28 ਫ਼ੀਸਦ, ਲੁਧਿਆਣਾ ਵਿੱਚ 21 ਫ਼ੀਸਦ, ਤਰਨਤਾਰਨ ਵਿੱਚ 19  ਫ਼ੀਸਦ ਅਤੇ ਰੋਪੜ ਵਿੱਚ 15 ਫ਼ੀਸਦ ਘੱਟ ਮੀਂਹ ਪਏ ਹਨ। ਇਸ ਵਾਰ ਕਪੂਰਥਲਾ, ਮੋਗਾ ਅਤੇ  ਮੁਕਤਸਰ ’ਚ ਆਮ ਨਾਲੋਂ 35 ਤੋਂ 40 ਫ਼ੀਸਦ ਤੱਕ ਵੱਧ ਮੀਂਹ ਪਿਆ ਹੈ। ਅੰਮ੍ਰਿਤਸਰ, ਫ਼ਰੀਦਕੋਟ, ਗੁਰਦਾਸਪੁਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਵੀ ਚੰਗੀ ਬਾਰਸ਼ ਹੋਈ ਹੈ। ਖੇਤੀਬਾੜੀ ਵਿਭਾਗ  ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਹੈ ਕਿ  ਜਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਘੱਟ ਪਿਆ ਹੈ ਉਥੋਂ ਦੇ ਕਿਸਾਨਾਂ ਦਾ ਪ੍ਰਤੀ ਏਕੜ ਮਗਰ ਤਿੰਨ ਤੋਂ ਚਾਰ ਹਜ਼ਾਰ ਰੁਪਏ ਡੀਜ਼ਲ ਦਾ ਖ਼ਰਚਾ ਵੱਧ ਗਿਆ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਡਾਕਟਰ ਸੁਰਿੰਦਰਪਾਲ ਹਾਲੇ ਵੀ ਚੰਗੀ ਬਾਰਸ਼ ਦੀ ਉਮੀਦ ਲਾਈ ਬੈਠੇ ਹਨ। ਉਨ੍ਹਾਂ 15 ਅਗਸਤ ਤੱਕ ਮੌਨਸੂੁਨ ਦੇ ਵਰ੍ਹਦੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

You May Also Like

Leave a Reply

Your email address will not be published. Required fields are marked *