ਬਠਿੰਡਾ: ਧਮਾਕੇ ’ਚ ਵਰਤੀ ਗਈ ‘ਮਾਰੂਤੀ ਕਾਰ’ ਡੇਰਾ ਸਿਰਸਾ ’ਚੋਂ ਰਾਤੋਂ ਰਾਤ ਗਾਇਬ ਹੋਈ ਸੀ ਜਿਸ ਕਰਕੇ ਪੁਲੀਸ ਜਾਂਚ ਉਲਝੀ ਹੋਈ ਹੈ। ਡੇਰਾ ਮੁਖੀ ਦੀ ਵੀਆਈਪੀ ਵਰਕਸ਼ਾਪ ਦੇ ਗਰੀਨ ਗੇਟ ਅੰਦਰ ਇਹ ਕਾਰ ਖੜ੍ਹੀ ਕੀਤੀ ਹੋਈ ਸੀ। ਪੁਲੀਸ ਵੱਲੋਂ ਅਦਾਲਤ ’ਚ ਪੇਸ਼ ਕੀਤੇ ਚਾਰ ਗਵਾਹ ਖੁਦ ਸ਼ਸ਼ੋਪੰਜ ’ਚ ਸਨ। ਅਹਿਮ ਸੂਤਰਾਂ ਅਨੁਸਾਰ ਇਨ੍ਹਾਂ ਗਵਾਹਾਂ ’ਚੋਂ ਵਰਕਸ਼ਾਪ ਦੇ ਪੇਂਟਰ ਅਤੇ ਡੈਂਟਰ ਨੇ ਇਹੋ ਖ਼ੁਲਾਸਾ ਕੀਤਾ ਹੈ ਕਿ ਵਰਕਸ਼ਾਪ ਇੰਚਾਰਜ ਗੁਰਤੇਜ ਕਾਲਾ ਦੀ ਹਦਾਇਤ ’ਤੇ ਮਾਰੂਤੀ ਕਾਰ ਨੂੰ ਰੰਗ-ਰੋਗਨ ਕਰਕੇ ਉਨ੍ਹਾਂ ਇਕ ਹਫ਼ਤੇ ’ਚ ਤਿਆਰ ਕੀਤਾ ਸੀ। ਉਸ ਮਗਰੋਂ ਦੋ ਦਿਨ ਇਹ ਕਾਰ ਵਰਕਸ਼ਾਪ ਵਿੱਚ ਖੜ੍ਹੀ ਰਹੀ। ਉਹ ਦੇਰ ਸ਼ਾਮ ਵਰਕਸ਼ਾਪ ’ਚ ਕਾਰ ਨੂੰ ਛੱਡ ਕੇ ਗਏ ਸਨ ਅਤੇ ਜਦੋਂ ਸਵੇਰੇ ਆਏ ਤਾਂ ਕਾਰ ਉਥੋਂ ਗਾਇਬ ਸੀ। ਪੁਲੀਸ ਟੀਮ ਦੀ ਨਜ਼ਰ ਗੁਰਤੇਜ ਕਾਲਾ ’ਤੇ ਹੈ ਅਤੇ ਮਾਮਲੇ ਦਾ ਭੇਤ ਰੱਖਣ ਲਈ ਗੱਡੀ ਉਦੋਂ ਵਰਕਸ਼ਾਪ ’ਚੋਂ ਬਾਹਰ ਕੱਢੀ ਗਈ ਜਦੋਂ ਵਰਕਸ਼ਾਪ ਦਾ ਸਾਰਾ ਸਟਾਫ ਜਾ ਚੁੱਕਾ ਸੀ। ਸੂਤਰ ਦੱਸਦੇ ਹਨ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ ਕਾਰ ਮੌੜ ਇਲਾਕੇ ’ਚ ਪੁੱਜ ਗਈ ਸੀ। ਪੁਲੀਸ ਨੇ ਹੁਣ ਸਾਰੀ ਤਾਕਤ ਪਿੰਡ ਆਲੀਕੇ (ਡਬਵਾਲੀ) ਨੂੰ ਫੜਨ ’ਤੇ ਝੋਕ ਦਿੱਤੀ ਹੈ। ਪੁਲੀਸ ਅਫ਼ਸਰ ਆਸਵੰਦ ਹਨ ਕਿ ਸਾਰਾ ਮਾਮਲਾ ਇਕ ਹਫ਼ਤੇ ਵਿੱਚ ਸੁਲਝਾ ਲਿਆ ਜਾਵੇਗਾ। ਪੁਲੀਸ ਟੀਮਾਂ ਨੇ ਅੱਜ ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋੜੀਆਂ (ਰਾਜਸਥਾਨ) ਵਿੱਚ ਗੁਰਤੇਜ ਕਾਲਾ ਦੀ ਭੈਣ ਦੇ ਘਰ ਮੁੜ ਛਾਪਾ ਮਾਰਿਆ। ਡਬਵਾਲੀ ਤੋਂ ਕਾਲਾ ਦੇ ਨੇੜਲੇ ਰਿਸ਼ਤੇਦਾਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਹੁਣ ਗੁਰਤੇਜ ਕਾਲਾ ਨੂੰ ਫੜਨ ਲਈ ਦਬਾਅ ਦੀ ਨੀਤੀ ਅਪਣਾ ਰਹੀ ਹੈ ਅਤੇ ਆਪਣੇ ਸੂਹੀਏ ਹਰਿਆਣਾ ਅਤੇ ਰਾਜਸਥਾਨ ਵਿੱਚ ਤਾਇਨਾਤ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਕਾਲਾ ਦੇ ਨੇੜਲੇ ਅਤੇ ਦੂਰ ਦੇ ਰਿਸ਼ਤੇਦਾਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੂੰ ਇਹ ਵੀ ਸ਼ੱਕ ਹੈ ਕਿ ਗੁਰਤੇਜ ਕਾਲਾ ਅਤੇ ਅਮਰੀਕ ਸਿੰਘ ਉਤਰਾਖੰਡ ਜਾਂ ਯੂਪੀ ਵਿੱਚ ਛੁਪੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ 31 ਜਨਵਰੀ 2017 ਨੂੰ ਚੋਣਾਂ ਵੇਲੇ ਮੌੜ ਮੰਡੀ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਸੱਤ ਜਾਨਾਂ ਚਲੀਆਂ ਗਈਆਂ ਸਨ।