ਰੂਸ, ਚੀਨ ਦੇ ਵੀਟੋ ਨਾਲ ਵੈਨਜ਼ੁਏਲਾ ਵਿਰੋਧੀ ਮਤਾ ਯੂ ਐਨ ਵਿੱਚ ਡਿੱਗ ਪਿਆ

ਯੂ ਐਨ- ਵੈਨਜ਼ੁਏਲਾ ਦੇ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਵੱਲੋਂ ਯੂ ਐਨ ਸੁਰੱਖਿਆ ਪ੍ਰੀਸ਼ਦ ਵਿੱਚ ਲਿਆਂਦੇ ਗਏ ਮਤੇ ਉੱਤੇ ਰੂਸ ਅਤੇ ਚੀਨ ਨੇ ਵੀਟੋ ਲਾ ਦਿੱਤਾ। ਇਸੇ ਤਰ੍ਹਾਂ ਦੇ ਰੂਸ ਦੇ ਮਤੇ ਨੂੰ ਵੀ ਲੋੜੀਂਦਾ ਸਮਰਥਨ ਨਹੀਂ ਮਿਲ ਸਕਿਆ। ਅਮਰੀਕਾ ਦੇ ਵਿਰੋਧ ਕਾਰਨ ਇਹ ਮਤਾ ਵੀ ਪਾਸ ਨਹੀਂ ਹੋ ਸਕਿਆ।
ਅਮਰੀਕਾ ਦੇ ਮਤੇ ਵਿੱਚ ਵੈਨਜ਼ੁਏਲਾ ਵਿੱਚ ਨਵੇਂ ਸਿਰੇ ਤੋਂ ਰਾਸ਼ਟਰਪਤੀ ਚੋਣਾਂ ਕਰਵਾਉਣ ਅਤੇ ਬਿਨਾਂ ਰੁਕਾਵਟ ਮਨੁੱਖੀ ਮਦਦ ਦੇਣ ਦੀ ਮੰਗ ਕੀਤੀ ਗਈ ਸੀ। ਇਸ ਮਤੇ ਦੇ ਸਮਰਥਨ ਵਿੱਚ 15 ਮੈਂਬਰੀ ਸੁਰੱਖਿਆ ਕੌਂਸਲ ਦੇ ਨੌਂ ਦੇਸ਼ਾਂ ਨੇ ਮਤਦਾਨ ਕੀਤਾ, ਪਰ ਰੂਸ ਅਤੇ ਚੀਨ ਨੇ ਇਸ ਦੇ ਖਿਲਾਫ ਵੀਟੋ ਦਾ ਇਸਤੇਮਾਲ ਕੀਤਾ। ਕੌਂਸਲ ਵਿੱਚ ਕਿਸੇ ਵੀ ਮਤੇ ਨੂੰ ਪਾਸ ਕਰਨ ਲਈ ਜ਼ਰੂਰੀ ਹੈ ਕਿ ਕੌਂਸਲ ਦੇ ਪੰਜ ਪੱਕੇ ਮੈਂਬਰਾਂ ਬ੍ਰਿਟੇਨ, ਚੀਨ, ਫਰਾਂਸ, ਰੂਸ ਤੇ ਅਮਰੀਕਾ ਵਿੱਚੋਂ ਕੋਈ ਵੀਟੋ ਦੀ ਵਰਤੋਂ ਨਾ ਕਰੇ। ਰੂਸ ਦੇ ਖਰੜਾ ਮਤੇ ਵਿੱਚ ਸ਼ਾਂਤੀ ਪੂਰਨ ਤਰੀਕੇ ਨਾਲ ਵੈਨਜ਼ੁਏਲਾ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਗਈ ਸੀ। ਇਸ ਦੇ ਪੱਖ ਵਿੱਚ ਸਿਰਫ ਰੂਸ, ਚੀਨ, ਦੱਖਣੀ ਅਫਰੀਕਾ ਤੇ ਗਿੰਨੀ ਨੇ ਵੋਟ ਪਾਏ। ਅਮਰੀਕਾ ਸਮੇਤ ਯੂਰਪੀ ਦੇਸ਼ਾਂ ਅਤੇ ਪੇਰੂ ਨੇ ਰੂਸ ਦੇ ਮਤੇ ਦੇ ਖਿਲਾਫ ਮਤਦਾਨ ਕੀਤਾ। ਵਰਨਣ ਯੋਗ ਹੈ ਕਿ ਆਰਥਿਕ ਸੰਕਟ ਨਾਲ ਜੂਝ ਰਿਹਾ ਵੈਨਜ਼ੁਏਲਾ ਉਸ ਸਮੇਂ ਸਿਆਸੀ ਸੰਕਟ ਵਿੱਚ ਘਿਰ ਗਿਆ, ਜਦੋਂ ਬੀਤੀ ਜਨਵਰੀ ਵਿੱਚ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਈਦੋ ਨੇ ਖੁਦ ਨੂੰ ਅੰਤਿ੍ਰਮ ਰਾਸ਼ਟਰਪਤੀ ਐਲਾਨ ਕਰ ਦਿੱਤਾ ਸੀ। ਅਮਰੀਕਾ ਸਮੇਤ ਕਰੀਬ 50 ਦੇਸ਼ਾਂ ਨੇ ਗੁਈਦੋ ਦਾ ਸਮਰਥਨ ਕੀਤਾ, ਪਰ ਰੂਸ, ਚੀਨ ਤੇ ਕਈ ਹੋਰ ਦੇਸ਼ਾਂ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਸਾਥ ਦਿੱਤਾ ਸੀ।

You May Also Like

Leave a Reply

Your email address will not be published. Required fields are marked *