ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

ਓਟਵਾ: ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਜਾਸੂਸ ਤੇ ਉਸ ਦੀ ਲੜਕੀ ਨੂੰ ਕਥਿਤ ਤੌਰ ਉੱਤੇ ਜ਼ਹਿਰ ਦੇਣ ਦਾ ਮਾਮਲਾ ਐਨਾ ਤੂਲ ਫੜ੍ਹ ਚੁੱਕਿਆ ਹੈ ਕਿ ਕ੍ਰੈਮਲਿਨ ਤੇ ਪੱਛਮੀ ਮੁਲਕਾਂ ਦਰਮਿਆਨ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸੇ ਲੜੀ ਤਹਿਤ ਰੂਸ ਵੱਲੋਂ ਚਾਰ ਕੈਨੇਡੀਅਨ ਡਿਪਲੋਮੈਟਜ਼ ਨੂੰ ਕੱਢ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਇੱਕ ਈਮੇਲ ਵਿੱਚ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਤਰਜ਼ਮਾਨ ਨੇ ਆਖਿਆ ਕਿ ਇਨ੍ਹਾਂ ਡਿਪਲੋਮੈਟਸ ਨੂੰ ਰੂਸੀ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਕੈਨੇਡਾ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿ਼ਕਰਯੋਗ ਹੈ ਕਿ ਅਮਰੀਕਾ ਤੇ ਦਰਜਨਾਂ ਭਰ ਯੂਰਪੀਅਨ ਮੁਲਕਾਂ ਵੱਲੋਂ ਇਸ ਸਬੰਧ ਵਿੱਚ ਕੱਢੇ ਗਏ ਰੂਸੀ ਡਿਪਲੋਮੈਟਸ ਦੀ ਤਰਜ਼ ਉੱਤੇ ਫਰੀਲੈਂਡ ਵੱਲੋਂ ਵੀ ਸੋਮਵਾਰ ਨੂੰ ਚਾਰ ਰੂਸੀ ਡਿਪਲੋਮੈਟਸ ਨੂੰ ਕੈਨੇਡਾ ਤੋਂ ਕੱਢਣ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਹੀ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ।
ਵੀਰਵਾਰ ਨੂੰ ਮਾਸਕੋ ਸਥਿਤ ਰੂਸੀ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਅੰਬੈਸਡਰ ਨੂੰ ਤਲਬ ਕਰਕੇ 60 ਅਮਰੀਕੀ ਡਿਪਲੋਮੈਟਸ ਨੂੰ ਕੱਢਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਵੀ ਰੂਸੀ ਡਿਪਲੋਮੈਟਸ ਨੂੰ ਕੱਢ ਚੁੱਕਿਆ ਸੀ। ਸ਼ੁੱਕਰਵਾਰ ਨੂੰ ਹੋਰਨਾਂ ਮੁਲਕਾਂ ਤੋਂ ਦੋ ਦਰਜਨ ਦੇ ਕਰੀਬ ਡਿਪਲੋਮੈਟਸ ਨੂੰ ਬਾਹਰ ਕੱਢ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਰੂਸ ਦੇ ਜਾਸੂਸ ਸਰਜੇਈ ਸਕ੍ਰਿਪਲ ਤੇ ਉਸ ਦੀ ਲੜਕੀ ਯੂਲੀਆ ਨੂੰ ਬ੍ਰਿਟਿਸ਼ ਸਿਟੀ ਸਲਿਸਬਰੀ ਵਿੱਚ 4 ਮਾਰਚ ਨੂੰ ਕਥਿਤ ਤੌਰ ਉੱਤੇ ਜ਼ਹਿਰ ਦਿੱਤਾ ਗਿਆ। ਸਕ੍ਰਿਪਲਜ਼ ਦਾ ਇਲਾਜ ਕਰ ਰਹੇ ਹਸਪਤਾਲ ਨੇ ਦੱਸਿਆ ਕਿ 33 ਸਾਲਾ ਯੂਲੀਆ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਤੇ ਹੁਣ ਉਸ ਦੀ ਹਾਲਤ ਸਥਿਰ ਹੈ ਜਦਕਿ ਉਸ ਦੇ 66 ਸਾਲਾ ਪਿਤਾ ਦੀ ਹਾਲਤ ਨਾਜੁ਼ਕ ਬਣੀ ਹੋਈ ਹੈ।
ਇਸ ਦੌਰਾਨ ਕ੍ਰੈਮਲਿਨ ਵੱਲੋਂ ਸਕ੍ਰਿਪਲਜ਼ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਹੈ। ਪਰ ਪੱਛਮੀ ਸਰਕਾਰਾਂ ਵੱਲੋਂ ਫਿਰ ਵੀ ਰੂਸ ਨੂੰ ਹੀ ਇਸ ਸੱਭ ਕਾਸੇ ਲਈ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ। ਡਿਪਲੋਮੈਟਸ ਨੂੰ ਇਸ ਤਰ੍ਹਾਂ ਕੱਢੇ ਜਾਣ ਨਾਲ ਨਾ ਸਿਰਫ ਉਹ ਖੁਦ ਪ੍ਰਭਾਵਿਤ ਹੁੰਦੇ ਹਨ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੁੰਦੇ ਹਨ।

You May Also Like

Leave a Reply

Your email address will not be published. Required fields are marked *