ਰੇਟਿੰਗ ਸੁਧਰਨ ਨਾਲ ਅਰਥਚਾਰਾ ਪੈਰਾਂ ਸਿਰ ਨਹੀਂ ਹੋਇਆ: ਮਨਮੋਹਨ ਸਿੰਘ

ਕੋਚੀ: ਮੂਡੀਜ਼ ਵੱਲੋਂ ਭਾਰਤ ਦੀ ਰੇਟਿੰਗ ’ਚ ਸੁਧਾਰ ਕੀਤੇ ਜਾਣ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਨੂੰ ਇਸ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ ਕਿ ਅਰਥਚਾਰਾ ਪੈਰਾਂ ਸਿਰ ਹੋ ਗਿਆ ਹੈ। ਮੂਡੀਜ਼ ਨੇ ਭਾਰਤ ਦੀ ਰੇਟਿੰਗ ਬੀਏਏ3 ਤੋਂ ਬੀਏਏ2 ਕਰਦਿਆਂ ਪਾਜ਼ਿਟਿਵ ਤੋਂ ਸਥਿਰ ਕਰ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਰੇਟਿੰਗ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੂਡੀਜ਼ ਨੇ ਉਹ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ ਪਰ ਸਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਅਰਥਚਾਰੇ ਨੂੰ ਹੁਲਾਰਾ ਮਿਲ ਗਿਆ ਹੈ। ਐਰਨਾਕੁਲਮ ਦੇ ਸੈਂਟ ਟੈਰੇਸਾ ਕਾਲਜ ’ਚ ‘ਭਾਰਤ ’ਚ ਮੈਕਰੋ ਆਰਥਿਕ ਵਿਕਾਸ: ਨੀਤੀ ਦ੍ਰਿਸ਼ਟੀਕੋਣ’ ਸਬੰਧੀ ਕਰਵਾਏ ਗਏ ਸੈਮੀਨਾਰ ’ਚ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਅਰਥਚਾਰੇ ਨੂੰ ਮਜ਼ਬੂਤ ਢੰਗ ਨਾਲ ਟੀਚੇ ਹਾਸਲ ਕਰਨ ਵੱਲ ਵਧਣ ਦੀ ਲੋੜ ਹੈ ਤਾਂ ਜੋ ਮੁਲਕ 8 ਤੋਂ 10 ਫ਼ੀਸਦੀ ਵਿਕਾਸ ਦਰ ਹਾਸਲ ਕਰ ਸਕੇ ਜੋ ਸਰਕਾਰ ਖੁਦ ਵੀ ਚਾਹੁੰਦੀ ਹੈ। ਉਨ੍ਹਾਂ ਖ਼ਬਰਦਾਰ ਕੀਤਾ ਕਿ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਖ਼ਜ਼ਾਨੇ ਨੂੰ ਢਾਹ ਲਾ ਸਕਦੀਆਂ ਹਨ। ਜੀਐਸਟੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਨੂੰ ਜਲਦਬਾਜ਼ੀ ’ਚ    ਲਾਗੂ ਕੀਤਾ ਗਿਆ ਅਤੇ ਨੌਕਰਸ਼ਾਹੀ ਨੇ ਵਧੀਆ ਢੰਗ ਨਾਲ ਤਿਆਰੀ ਨਹੀਂ ਕੀਤੀ।
ਕਾਲੇਧਨ ਦਾ ਢੁਕਵਾਂ ਜਵਾਬ ਨਹੀਂ ਨੋਟਬੰਦੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਕਾਲੇਧਨ ਦੇ ਮੁੱਦੇ ਨਾਲ ਨਜਿੱਠਣ ਲਈ ਨੋਟਬੰਦੀ ਢੁਕਵਾਂ ਜਵਾਬ ਨਹੀਂ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਾਲੇਧਨ ਦੇ ਟਾਕਰੇ ਲਈ ਟੈਕਸ ਦਰਾਂ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਪ੍ਰਸ਼ਾਸਕੀ ਪ੍ਰਣਾਲੀ ’ਚ ਵੀ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਅਰਥਚਾਰੇ ’ਚ ਖੜੋਤ ਆ ਗਈ ਹੈ ਅਤੇ ਅਗਲੇ ਇਕ ਵਰ੍ਹੇ ਤਕ ਅਰਥਚਾਰਾ ਨਿਘਾਰ ’ਚ ਜਾਣ ਦਾ ਖ਼ਦਸ਼ਾ ਹੈ।
ਰਾਹੁਲ ਦੀ ਕੀਤੀ ਸ਼ਲਾਘਾ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਮਨਮੋਹਨ ਸਿੰਘ ਨੇ ਉਮੀਦ ਪ੍ਰਗਟਾਈ ਕਿ ਪਾਰਟੀ ਨੂੰ ਜਿੱਤ ਨਸੀਬ ਹੋਵੇਗੀ। ਉਂਜ ਉਨ੍ਹਾਂ ਕਿਹਾ ਕਿ ਸਿਆਸਤ ’ਚ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ ਪਰ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਪੈਗ਼ੰਬਰ ਨਹੀਂ ਹਨ ਪਰ ਆਸ ਕਰਦੇ ਹਨ ਕਿ ਚੋਣਾਂ ’ਚ ਲੋਕ ਨੋਟਬੰਦੀ ਅਤੇ ਜੀਐਸਟੀ ਦਾ ਗੁੱਸਾ ਜ਼ਰੂਰ ਕੱਢਣਗੇ।
ਭਾਜਪਾ ਦੇ ਟਾਕਰੇ ਲਈ ਖੱਬੇ-ਪੱਖੀਆਂ ਤੋਂ ਮੰਗਿਆ ਸਹਿਯੋਗ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਖੱਬੇ-ਪੱਖੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਟਾਕਰੇ ਲਈ ਕੌਮੀ ਪੱਧਰ ’ਤੇ ਕਾਂਗਰਸ ਨਾਲ ਸਹਿਯੋਗ ਕਰਨ। ਕਾਂਗਰਸ ਦੀ ਅਗਵਾਈ ਹੇਠਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਰਲਾ ’ਚ ਸੀਪੀਐਮ ਦੀ ਅਗਵਾਈ ਹੇਠਲੀ ਐਲਡੀਐਫ ਸਰਕਾਰ ਦੀ ਵੀ ਨੁਕਤਾਚੀਨੀ ਕੀਤੀ।

You May Also Like

Leave a Reply

Your email address will not be published. Required fields are marked *