ਓਟਾਵਾ — ਹੈਲਥ ਅਤੇ ਲੇਬਰ ਗਰੁੱਪਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਸਰਕਾਰ ਦੇ ਨੈਸ਼ਨਲ ਫਾਰਮਾਕੇਅਰ ਪਲਾਨ ਤੋਂ ਇਕ ਪਾਸੇ ਕਰ ਦੇਣ। ਇਨ੍ਹਾਂ ਗਰੁੱਪਾਂ ਮੁਤਾਬਕ ਮੌਰਨਿਊ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਫੀ ਵਿਰੋਧਾਭਾਸ਼ੀ ਹਨ। ਇਨ੍ਹਾਂ ਤਿੰਨਾਂ ਜਥੇਬੰਦੀਆਂ ਦੇ ਮੁਖੀਆਂ ਨੇ ਦੋਸ਼ ਲਾਇਆ ਕਿ ਮੌਰਨਿਊ ਨੇ ਨੈਸ਼ਨਲ ਫਾਰਮਾਕੇਅਰ ਬਾਰੇ ਸਟੱਡੀ ਦੇ ਨਤੀਜਿਆਂ ਦਾ ਅੰਦਾਜ਼ਾ ਪਹਿਲਾਂ ਹੀ ਲਾ ਲਿਆ ਅਤੇ ਉਹ ਨਵੇਂ ਨੈਸ਼ਨਲ ਪਲੈਨ ਦੀ ਥਾਂ ਕੈਨੇਡਾ ‘ਚ ਮੌਜੂਦਾ ਡਰੱਗ ਇੰਸ਼ੋਰੈਂਸ ਸਿਸਟਮ ਨੂੰ ਸਹੇਜਣ ਵਾਲੀ ਰਣਨੀਤੀ ਦਾ ਸਮਰਥਨ ਕਰਦੇ ਹਨ। ਕੈਨੇਡੀਅਨ ਲੇਬਰ ਕਾਂਗਰਸ, ਕੈਨੇਡੀਅਨ ਫੈਡਰੇਸ਼ਨ ਆਫ ਨਰਸਿਜ਼ ਯੂਨੀਅਨਜ਼ ਅਤੇ ਕੈਨੇਡੀਅਨ ਡਾਕਟਰਜ਼ ਫੌਰ ਮੈਡੀਕੇਅਰ ਦੇ ਆਗਆਂ ਨੇ ਟਰੂਡੋ ਨੂੰ ਮੌਰਨਿਊ ਵੱਲੋਂ ਕੀਤੀਆਂ ਟਿੱਪਣੀਆਂ ਬਾਰੇ ਚਿੱਠੀ ਲਿਖੀ।
ਇਸ ‘ਚ ਇਹ ਆਖਿਆ ਗਿਆ ਕਿ ਮੌਰਨਿਊ ਵੱਲੋਂ ਕੀਤੀਆਂ ਟਿੱਪਣੀਆਂ ਵਿਰੋਧਾਭਾਸੀ ਹਨ ਅਤੇ ਇਹ ਉਸ ਐਡਵਾਈਜ਼ਰੀ ਕਾਉਂਸਲ ਦੇ ਕੰਮ ਨੂੰ ਊਣਾਂ ਕਰਕੇ ਵੇਖਣ ਵਾਲੀ ਗੱਲ ਹੈ ਜਦੋਂ ਕਿ ਉਸ ਵੱਲੋਂ ਅਜੇ ਕੰਮ ਸ਼ੁਰੂ ਵੀ ਨਹੀਂ ਕੀਤਾ ਗਿਆ। ਇਸ ਦੌਰਾਨ ਐਨਡੀਪੀ ਨੇ ਵੀ ਵੀਰਵਾਰ ਨੂੰ ਸਵਾਲਾਂ ਦੌਰਾਨ ਮੌਰਨਿਊ ਨੂੰ ਲੰਮੇਂ ਹੱਥੀਂ ਲਿਆ। ਪਰ ਇਸ ਮੌਕੇ ਮੌਰਨਿਊ ਨੇ ਕਿਹਾ ਕਿ ਉਹ ਕਾਉਂਸਲ ਦੀਆਂ ਲੱਭਤਾਂ ‘ਤੇ ਭਰੋਸਾ ਕਰਨਗੇ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹਰ ਕੈਨੇਡੀਅਨ ਦੀ ਫਾਰਮਾਸਿਊਟੀਕਲਜ਼ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ, ਸਾਡੇ ਲਈ ਇਹ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮਾਹਿਰਾਂ ਦੀ ਸਲਾਹ ਜਾਣਨਾ ਬੇਹੱਦ ਜ਼ਰੂਰੀ ਹੈ। ਪਰ ਚਿੱਠੀ ‘ਚ ਇਹ ਵੀ ਲਿਖਿਆ ਗਿਆ ਕਿ ਪ੍ਰਾਈਵੇਟ ਫਰਮ ਮੌਰਨਿਊ ਸ਼ੈਪੈਲ ਨਾਲ ਡੂੰਘੇ ਸਬੰਧਾਂ ਦੇ ਚੱਲਦਿਆਂ ਸਾਨੂੰ ਡਰ ਹੈ ਕਿ ਵਿੱਤ ਮੰਤਰੀ ਕੌਮੀ ਡਰੱਗ ਇੰਸ਼ੋਰੈਂਸ ਨੀਤੀਆਂ ‘ਚ ਮੂਲ ਤਬਦੀਲੀਆਂ ਦੇ ਮੁੱਦੇ ਨੂੰ ਓਨੀ ਗੰਭੀਰਤਾ ਨਾਲ ਲੈਣਗੇ।