ਲੋਕਾਂ ਨੇ ਢਾਹੀ ਕੈਪਟਨ ਦੀ ‘ਅਟਾਰੀ’

ਅਟਾਰੀ: ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਅਟਾਰੀ ਸਥਿਤ ਸਮਾਧ ’ਤੇ ਪੰਜਾਬ ਸਰਕਾਰ ਵੱਲੋਂ ਮੁੱਖ ਸਮਾਗਮ ਰੱਖਿਆ ਗਿਆ ਸੀ ਪਰ ਲੋਕਾਂ ਦੇ ਘੱਟ ਗਿਣਤੀ ਵਿੱਚ ਪਹੁੰਚਣ ਕਾਰਨ ਸਮਾਗਮ ਵਿੱਚ ਕੁਰਸੀਆਂ ਖਾਲੀ ਪਈਆਂ ਸਨ। ਇਕੱਤਰਤਾ ਘੱਟ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਕਰੀਬਨ ਅੱਧਾ ਘੰਟਾ ਬੈਠਣ ਮਗਰੋਂ ਸਮਾਗਮ ਨੂੰ ਸੰਬੋਧਨ ਕੀਤੇ ਬਗ਼ੈਰ ਹੀ ਵਾਪਸ ਚਾਲੇ ਪਾ ਦਿੱਤੇ। ਹਾਲਾਂਕਿ ਸਰਕਾਰੀ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਅਟਾਰੀ ਵਿੱਚ ਮੁੱਖ ਮੰਤਰੀ ਦੇ ਸੰਬੋਧਨ ਦਾ ਕੋਈ ਪ੍ਰੋਗਰਾਮ ਨਹੀਂ ਸੀ।
ਪੰਜਾਬ ਸਰਕਾਰ ਨੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਅਤੇ ਆਈਸੀਪੀ ਅਟਾਰੀ ਦਾ ਨਾਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਨਾਂ ’ਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਨਰਾਇਣਗੜ੍ਹ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਸਿੱਖ ਜਰਨੈਲ ਦੇ ਆਦਮਕੱਦ ਬੁੱਤ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਪਿੰਡ ਅਟਾਰੀ ਵਿਖੇ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ‘ਤੇ ਅਖੰਡ ਪਾਠ ਦੇ ਭੋਗ ’ਚ ਮੁੱਖ ਮੰਤਰੀ ਸ਼ਾਮਲ ਹੋਏ ਅਤੇ ਭਾਰਤੀ ਫ਼ੌਜ ਵੱਲੋਂ ਦਿੱਤੇ ਵਿਜਯੰਤ ਟੈਂਕ ਨੂੰ ਸਥਾਪਤ ਕਰਨ ਦੀ ਰਸਮ ਨਿਭਾਈ। ਉਨ੍ਹਾਂ ਨੇ ਸ਼ਹੀਦ ਜਰਨੈਲ ਦੀ ਯਾਦ ’ਚ ਅਜਾਇਬਘਰ ਤੇ ਖੇਡ ਮੈਦਾਨ ਬਣਾਉਣ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਕੰਪਲੈਕਸ ਵਿੱਚ ਮਿੱਗ ਜਹਾਜ਼ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤ ਕੀਤੀ ਹੈ ਕਿ ਉਹ ਸਰਦਾਰ ਅਟਾਰੀਵਾਲਾ ਦੀ ਜੀਵਨੀ ਨੂੰ ਪਾਠ ਪੁਸਤਕਾਂ ’ਚ ਸ਼ਾਮਲ ਕਰਨ, ਜਿਸ ਤੋਂ ਬੱਚੇ ਦੇਸ਼ਭਗਤੀ ਦੀ ਪ੍ਰੇਰਨਾ ਲੈ ਸਕਣ। ਉਨ੍ਹਾਂ ਦੱਸਿਆ ਕਿ ਇਹ ਲੇਖ ਸ਼ਾਮਲ ਕਰਨ ਲਈ ਐਨਸੀਈਆਰਟੀ ਨੂੰ ਵੀ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਰ ਸਾਲ ਅਟਾਰੀ ਵਿੱਚ ਪੱਛਮੀ ਕਮਾਂਡ ਦੇ ਸਾਬਕਾ ਫ਼ੌਜੀਆਂ ਦੀ ਰੈਲੀ ਕਰਵਾਇਆ ਕਰਨ। ਉਨ੍ਹਾਂ ਦੱਸਿਆ ਕਿ ਅਟਾਰੀ ’ਚ ਹਰ ਸਾਲ ਲੱਖਾਂ ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਇਸ ਪਿੰਡ ਨੂੰ ਵਾਈ-ਫਾਈ ਜ਼ੋਨ ਬਣਾਉਣ ਲਈ ਸੰਚਾਰ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਅਟਾਰੀ ’ਚ ਹਰ ਸਾਲ ਖੇਡ ਮੇਲਾ ਕਰਾਉਣ ਲਈ ਖੇਡ ਵਿਭਾਗ ਨੂੰ ਹਦਾਇਤ ਕੀਤੀ ਹੈ। ਜਨਰਲ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਟਰੱਸਟ ਵੱਲੋਂ ਕੀਤੀ ਮੰਗ ‘ਤੇ ਮੁੱਖ ਮੰਤਰੀ ਨੇ ਅਟਾਰੀ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਬਤੌਰ ਗਾਈਡ ਅਟਾਰੀ ਵਿਖੇ ਲਗਾਉਣ ਲਈ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਬੋਰਡ ਨੂੰ ਨਾਂ ਭੇਜਣ ਦੀ ਹਦਾਇਤ ਕੀਤੀ ਹੈ। ਕਰਨਲ ਕੁਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਟਾਰੀ ਵਿਖੇ ਸਰਕਾਰੀ ਕਾਲਜ ਖੋਲ੍ਹਿਆ ਜਾਵੇ ਤਾਂ ਜੋ ਸਰਹੱਦੀ ਪਿੰਡਾਂ ਦੇ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ 1947 ਬਾਅਦ ਅਟਾਰੀ ਹਸਪਤਾਲ ਅਪਗ੍ਰੇਡ ਨਹੀਂ ਹੋਇਆ, ਜੋ ਮਹਿਜ਼ ਚਾਰ ਬੈੱਡ ਦੀ ਡਿਸਪੈਂਸਰੀਨੁਮਾ ਹੈ। ਉਨ੍ਹਾਂ ਮੰਗ ਕੀਤੀ ਕਿ ਅਟਾਰੀ ਵਿਖੇ ਸਿਵਲ ਹਸਪਤਾਲ ਖੋਲ੍ਹਿਆ ਜਾਵੇ ਤਾਂ ਜੋ ਅਟਾਰੀ ਦੇ ਆਸ-ਪਾਸ ਪੈਂਦੇ 20-25 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਸਰਹੱਦੀ ਖੇਤਰ ਦੇ ਪਿੰਡਾਂ ਦੇ ਨੌਜਵਾਨਾਂ ਲਈ ਵਿਸ਼ੇਸ਼ ਰੁਜ਼ਗਾਰ ਸਕੀਮ ਸ਼ੁਰੂ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਬ੍ਰਿਗੇਡੀਅਰ ਵਿਨੀਤ ਮਿੱਤਲ ਤੇ ਕਰਨਲ ਅਰੁਣ ਜਸਰੋਟੀਆ, ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਹਾਜ਼ਰ ਸਨ।

You May Also Like

Leave a Reply

Your email address will not be published. Required fields are marked *