ਲੜਾਕੂ ਜਹਾਜ਼ਾਂ ਦੀ ਖਰੀਦ ਉੱਤੇ ਹੋਣ ਵਾਲੇ ਖਰਚੇ ਬਾਰੇ ਕੈਨੇਡੀਅਨਾਂ ਨੂੰ ਗੁੰਮਰਾਹ ਕਰ ਰਹੇ ਹਨ ਲਿਬਰਲ: ਕੰਜ਼ਰਵੇਟਿਵਜ਼

ਓਟਵਾ: ਇੱਕ ਤੋਂ ਬਾਅਦ ਇੱਕ ਵਿਵਾਦ ਲਿਬਰਲਾਂ ਦਾ ਖਹਿੜਾ ਛੱਡਣ ਦਾ ਨਾ ਹੀ ਨਹੀਂ ਲੈ ਰਿਹਾ। ਆਸਟਰੇਲੀਆ ਦੇ ਯੂਜ਼ਡ ਫਾਈਟਰ ਜੈੱਟਜ਼ ਨੂੰ ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ “ਸਸਤੇ ਭਾਅ” ਖਰੀਦਣ ਦੀ ਜਿਹੜੀ ਚਾਰਾਜੋਈ ਕੀਤੀ ਜਾ ਰਹੀ ਹੈ, ਹੁਣ ਵਿਰੋਧੀ ਧਿਰ ਵੱਲੋਂ ਉਸ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।
ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਬਾਰੇ ਸੈ਼ਡੋ ਮੰਤਰੀ ਰੌਬ ਨਿਕਲਸਨ, ਨੈਸ਼ਨਲ ਡਿਫੈਂਸ ਲਈ ਸ਼ੈਡੋ ਮੰਤਰੀ ਜੇਮਜ਼ ਬੇਜਨ, ਨੈਸ਼ਨਲ ਡਿਫੈਂਸ ਲਈ ਐਸੋਸਿਏਟ ਸ਼ੈਡੋ ਮੰਤਰੀ ਰਿਚਰਡ ਮਾਰਟਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਕੈਨੇਡੀਅਨਜ਼ ਨੂੰ ਇਹ ਪਤਾ ਲੱਗਿਆ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਰੌਇਲ ਕੈਨੇਡੀਅਨ ਏਅਰ ਫੋਰਸ ਲਈ 1.09 ਬਿਲੀਅਨ ਡਾਲਰ ਖਰਚ ਕੇ ਵਰਤੇ ਹੋਏ ਜੈੱਟ ਜਹਾਜ਼ ਲੈਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਪੁਰਾਣੇ ਵਰਤੇ ਹੋਏ ਲੜਾਕੂ ਜੈੱਟ ਜਹਾਜ਼ਾਂ ਦੀ ਲਿਬਰਲਾਂ ਵੱਲੋਂ ਪਹਿਲਾਂ ਜਿਹੜੀ ਕੀਮਤ ਦੱਸੀ ਗਈ ਸੀ ਉਸ ਨਾਲੋਂ ਇਹ 200 ਮਿਲੀਅਨ ਡਾਲਰ ਵੱਧ ਹੈ।
ਇਨ੍ਹਾਂ ਆਗੂਆਂ ਨੇ ਆਖਿਆ ਕਿ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਲਿਬਰਲ ਨਾ ਸਿਰਫ ਸਾਡੇ ਸੈਨਿਕਾਂ ਲਈ ਵਰਤੇ ਹੋਏ ਲੜਾਕੂ ਜੈੱਟ ਖਰੀਦ ਰਹੇ ਹਨ ਸਗੋਂ ਉਹ ਟੈਕਸਦਾਤਾਵਾਂ ਤੋਂ ਇਸ ਸੌਦੇ ਦੀ ਅਸਲ ਕੀਮਤ ਨੂੰ ਵੀ ਲੁਕਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਇਹ ਵੀ ਆਖਿਆ ਗਿਆ ਕਿ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਲਈ ਵਰਤੇ ਹੋਏ ਤੇ ਪੁਰਾਣੇ ਸਾਜ਼ੋ ਸਮਾਨ ਨੂੰ ਆਪਣੇ ਸਿਆਸੀ ਲਾਹੇ ਲਈ ਖਰੀਦਣ ਦੀ ਲਿਬਰਲਾਂ ਦੀ ਰਵਾਇਤ ਵੀ ਰੁਕਣੀ ਚਾਹੀਦੀ ਹੈ।
ਹਕੀਕਤ ਇਹ ਹੈ ਕਿ ਟਰੂਡੋ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਪੂਰੀ ਤਰ੍ਹਾਂ ਚਾਕਚੌਬੰਦ ਕਰਨ ਵਿੱਚ ਅਸਫਲ ਰਹੇ ਹਨ। ਰੌਇਲ ਕੈਨੇਡੀਅਨ ਏਅਰ ਫੋਰਸ ਨੂੰ ਕੈਨੇਡਾ ਤੇ ਸਾਡੇ ਭਾਈਵਾਲਾਂ ਦੀ ਸੁਰੱਖਿਆ ਤੇ ਸਹਿਯੋਗ ਲਈ ਨਵੇਂ ਲੜਾਕੂ ਜਹਾਜ਼ਾਂ ਦੀ ਲੋੜ ਹੈ। ਪੁਰਾਣੇ ਜਹਾਜ਼ ਖਰੀਦਣ ਦੇ ਟਰੂਡੋ ਦੇ ਮਾੜੇ ਫੈਸਲੇ ਕਾਰਨ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਨਵੇਂ ਲੜਾਕੂ ਜਹਾਜ਼ ਮਿਲਣ ਵਿੱਚ ਦੇਰ ਹੋ ਰਹੀ ਹੈ। ਇਸ ਨਾਲ ਇੱਕ ਵਾਰੀ ਮੁੜ ਟਰੂਡੋ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਗਲਤੀਆਂ ਦਾ ਖਮਿਆਜਾ ਕੈਨੇਡੀਅਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ।

You May Also Like

Leave a Reply

Your email address will not be published. Required fields are marked *