ਲੱਦਾਖ ਕਾਂਡ ਕਿਸੇ ਦੇ ਵੀ ਹਿੱਤ ’ਚ ਨਹੀਂ: ਭਾਰਤ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਉਹ ਚੀਨ ਨਾਲ ਮਿਲ ਕੇ ਡੋਕਲਾਮ ਤਣਾਅ ਦੇ ਪਰਸਪਰ ਪ੍ਰਵਾਨਯੋਗ ਹੱਲ ਲਈ ਕੋਸ਼ਿਸ਼ ਜਾਰੀ ਰੱਖੇਗਾ ਪਰ ਨਾਲ ਹੀ ਕਿਹਾ ਕਿ ਲੱਦਾਖ ਵਿੱਚ ਤਿੰਨ ਦਿਨ ਪਹਿਲਾਂ ਵਾਪਰੀਆਂ ਘਟਨਾਵਾਂ ‘ਕਿਸੇ ਵੀ ਧਿਰ ਦੇ ਹਿੱਤ ਵਿੱਚ ਨਹੀਂ’ ਹਨ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ, ‘‘ਮੈਂ ਪੈਨਗੋਂਗ ਸੋ ਵਿੱਚ 15 ਅਗਸਤ ਨੂੰ ਵਾਪਰੀ ਘਟਨਾ ਦੀ ਪੁਸ਼ਟੀ ਕਰਦਾ ਹਾਂ। ਅਜਿਹੀਆਂ ਘਟਨਾਵਾਂ ਕਿਸੇ ਵੀ ਮੁਲਕ ਦੇ ਹਿੱਤ ਵਿੱਚ ਨਹੀਂ ਹਨ। ਸਾਨੂੰ ਸ਼ਾਂਤੀ ਤੇ ਸਥਿਰਤਾ ਬਰਕਰਾਰ ਰੱਖਣੀ ਚਾਹੀਦੀ ਹੈ।’’ ਹਾਲਾਂਕਿ ਉਨ੍ਹਾਂ ਇਹ ਪੁਸ਼ਟੀ ਨਹੀਂ ਕੀਤੀ ਕਿ ਇਸ ਘਟਨਾ ਵਿੱਚ ਪਥਰਾਅ ਤੇ ਰਾਡਾਂ ਚੱਲੀਆਂ। ਉਨ੍ਹਾਂ ਦਾਅਵਾ ਕੀਤਾ ਕਿ ‘‘ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਉਥੇ ਘਟਨਾ ਵਾਪਰੀ ਸੀ।’’ ਉਨ੍ਹਾਂ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਇਸ ਘਟਨਾ ਨੂੰ ਕਿਸੇ ਹੋਰ ਸੈਕਟਰ ਦੀ ਸਥਿਤੀ ਨਾਲ ਨਹੀਂ ਜੋੜਨਾ ਚਾਹੀਦਾ।
ਰਵੀਸ਼ ਕੁਮਾਰ ਨੇ ਇਹ ਵੀ ਪੁਸ਼ਟੀ ਨਹੀਂ ਕੀਤੀ ਕਿ ਕੀ ਬ੍ਰਿਕਸ ਸੰਮੇਲਨ ਵਿੱਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਚੀਨ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਡੋਕਲਾਮ ਤਣਾਅ ਦੀ ਮੌਜੂਦਾ ਸਥਿਤੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਅਸੀਂ ਪਰਸਪਰ ਪ੍ਰਵਾਨਯੋਗ ਹੱਲ ਲੱਭਣ ਲਈ ਚੀਨ ਨਾਲ ਮਿਲ ਕੇ ਕੰਮ ਕਰਾਂਗੇ। ਦੁਵੱਲੇ ਰਿਸ਼ਤਿਆਂ ਦੇ ਸੁਚਾਰੂ ਵਿਕਾਸ ਲਈ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਤੇ ਸਥਿਰਤਾ ਅਹਿਮ ਅਗਾਊਂ ਸ਼ਰਤ ਹੈ।’’ ਜਦੋਂ ਪੁੱਛਿਆ ਗਿਆ ਕਿ ਕੀ ਡੋਕਲਾਮ ਤਣਾਅ ਦਾ ਹੱਲ ਹੋਵੇਗਾ ਤਾਂ ਉਨ੍ਹਾਂ ਠਿੱਠ ਕੀਤਾ ਕਿ ‘‘ਮੈਂ ਜੋਤਸ਼ੀ ਨਹੀਂ ਹਾਂ। ਇਸ ਲਈ ਮੈਂ ਪੇਸ਼ੀਨਗੋਈ ਨਹੀਂ ਕਰ ਸਕਦਾ।’’
ਲੱਦਾਖ ਘਟਨਾ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਮੁਕਾਮੀ ਫੌਜੀ ਕਮਾਂਡਰਾਂ ਨੇ ਦੋ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿੱਚੋਂ ਇਕ ਮੀਟਿੰਗ 16 ਅਗਸਤ ਨੂੰ ਚੂਸ਼ੁਲ ਅਤੇ ਦੂਜੀ ਇਕ ਹਫ਼ਤਾ ਪਹਿਲਾਂ ਨਾਥੂ ਲਾ ਵਿੱਚ ਹੋਈ। ਜਦੋਂ ਪੁੱਛਿਆ ਗਿਆ ਕਿ ਕੀ ਆਸਾਮ ਵਿੱਚ ਆਏ ਹੜ੍ਹਾਂ ਦੇ ਪਿਛੋਕੜ ਵਿੱਚ ਚੀਨ ਨੇ ਭਾਰਤ ਨਾਲ ਹਾਈਡਰੋਲੌਜੀਕਲ ਡੇਟਾ ਸਾਂਝਾ ਕੀਤਾ ਹੈ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧੀ 2006 ਵਿੱਚ ਕਾਇਮ ਉੱਚ ਪੱਧਰੀ ਢਾਂਚਾ ਮੌਜੂਦ ਹੈ। ਦੋ ਸਮਝੌਤੇ ਹੋਏ ਸਨ, ਜਿਨ੍ਹਾਂ ਤਹਿਤ ਚੀਨ ਤੋਂ ਉਮੀਦ ਸੀ ਕਿ ਉਹ ਸਤਲੁਜ ਤੇ ਬ੍ਰਹਮਪੁਤਰ ਨਦੀਆਂ ਬਾਰੇ ਹਾਈਡਰੋਲੌਜੀਕਲ ਡੇਟਾ 15 ਮਈ ਤੋਂ 15 ਜੂਨ ਦੇ ਹੜ੍ਹ ਸੀਜ਼ਨ ਦੌਰਾਨ ਸਾਂਝਾ ਕਰਦਾ। ਇਸ ਸਾਲ ਚੀਨ ਤੋਂ ਹਾਲੇ ਤੱਕ ਹਾਈਡਰੋਲੌਜੀਕਲ ਡੇਟਾ ਪ੍ਰਾਪਤ ਨਹੀਂ ਹੋਇਆ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਨੂੰ ਆਸਾਮ ਵਿੱਚ ਹੜ੍ਹਾਂ ਨਾਲ ਜੋੜਨਾ ਜਲਦਬਾਜ਼ੀ ਹੈ ਕਿਉਂਕਿ ਚੀਨ ਵੱਲੋਂ ਅੰਕੜੇ ਸਾਂਝੇ ਨਾ ਕਰਨ ਪਿੱਛੇ ਤਕਨੀਕੀ ਕਾਰਨ ਹੋ ਸਕਦੇ ਹਨ।
ਡੋਕਲਾਮ ਤਣਾਅ ਬਾਰੇ ਜਾਪਾਨ ਦੇ ਸਫ਼ੀਰ ਦੀਆਂ ਟਿੱਪਣੀਆਂ ਬਾਰੇ ਉਨ੍ਹਾਂ ਸੰਭਲ ਕੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਟਿੱਪਣੀਆਂ ਆਪਣੇ ਆਪ ਵਿੱਚ ਸਭ ਕੁੱਝ ਕਹਿੰਦੀਆਂ ਹਨ। ਜਾਪਾਨ ਦੇ ਸਫੀਰ ਨੇ ਕਿਹਾ ਹੈ ਕਿ ਕਿਸੇ ਵੀ ਮੁਲਕ ਨੂੰ ਡੋਕਲਾਮ ਵਿੱਚ ਇਕਤਰਫ਼ਾ ਤਰੀਕੇ ਨਾਲ ਸਥਿਤੀ ਤਬਦੀਲ ਨਹੀਂ ਕਰਨੀ ਚਾਹੀਦੀ। ਉਨ੍ਹਾਂ (ਜਾਪਾਨੀ ਸਫੀਰ) ਨੇ ਕਿਹਾ ਕਿ ‘‘ਅਸੀਂ ਮੰਨਦੇ ਹਾਂ ਕਿ ਡੋਕਲਾਮ ਦਾ ਵਿਵਾਦਤ ਇਲਾਕਾ ਭੂਟਾਨ ਤੇ ਚੀਨ ਵਿਚਾਲੇ ਪੈਂਦਾ ਹੈ ਅਤੇ ਦੋਵੇਂ ਮੁਲਕ ਸਰਹੱਦ ਬਾਰੇ ਗੱਲਬਾਤ ਵਿੱਚ ਰੁੱਝੇ ਹੋਏ ਹਨ। ਅਸੀਂ ਇਹ ਵੀ ਸਮਝਦੇ ਹਾਂ ਕਿ ਭਾਰਤ ਦਾ ਭੂਟਾਨ ਨਾਲ ਸਮਝੌਤਾ ਹੈ। ਇਸੇ ਕਾਰਨ ਭਾਰਤੀ ਫੌਜੀ ਇਸ ਇਲਾਕੇ ਵਿੱਚ ਮੌਜੂਦ ਹਨ।’’
ਜਾਪਾਨ ਦੇ ਰਾਜਦੂਤ ਦੀਆਂ ਟਿੱਪਣੀਆਂ ’ਤੇ ਪ੍ਰਤੀਕਰਮ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ  ਦੇ ਬੁਲਾਰੇ ਨੇ ਪੇਈਚਿੰਗ ਵਿੱਚ ਕਿਹਾ, ‘‘ਮੈਂ ਉਨ੍ਹਾਂ ਨੂੰ ਚੇਤਾ ਕਰਵਾਉਣਾ ਚਾਹੁੰਦਾ ਹਾਂ ਕਿ ਸਬੰਧਤ ਤੱਥਾਂ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਉਹ ਅਟਕਲਪੱਚੂ ਟਿੱਪਣੀਆਂ ਨਾ ਕਰਨ। ਡੋਂਗਲਾਂਗ (ਡੋਕਲਾਮ) ਕੋਈ ਇਲਾਕਾਈ ਵਿਵਾਦ ਨਹੀਂ ਹੈ। ਇੱਥੇ ਸਰਹੱਦ ਨਿਰਧਾਰਤ ਹੈ, ਜਿਸ ਨੂੰ ਦੋਵੇਂ ਮੁਲਕ ਮਾਨਤਾ ਦਿੰਦੇ ਹਨ।’’ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਡੋਕਲਾਮ ਵਿਵਾਦ ਬਾਰੇ ਹੋਰ ਮੁਲਕਾਂ ਵੱਲੋਂ ਭਾਰਤ ਨਾਲ ਕੀਤੀ ਗੱਲਬਾਤ ਬਾਰੇ ਵਿਸਤਾਰ ਦੇਣ ਤੋਂ ਇਨਕਾਰ ਕੀਤਾ।

-ਪੀਟੀਆਈ

You May Also Like

Leave a Reply

Your email address will not be published. Required fields are marked *