ਵਿਰੋਧੀ ਧਿਰ ਦਾ ਸਾਂਝਾ ਵਫ਼ਦ ਰਾਸ਼ਟਰਪਤੀ ਕੋਵਿੰਦ ਨੂੰ ਮਿਲਿਆ

ਨਵੀਂ ਦਿੱਲੀ: ਕਾਂਗਰਸ, ਟੀਐਮਸੀ ਅਤੇ ਖੱਬੀਆਂ ਪਾਰਟੀਆਂ ਸਮੇਤ ਵਿਰੋਧੀ ਧਿਰ ਦੇ ਇਕ ਵਫ਼ਦ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰ ਕੇ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਵਿੱਚੋਂ ਇਕ ਵੀ ਭਾਰਤੀ ਨਾਗਰਿਕ ਛੁੱਟਣਾ ਨਹੀਂ ਚਾਹੀਦਾ।
ਸ੍ਰੀ ਕੋਵਿੰਦ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਦੋਸ਼ ਲਾਇਆ ਗਿਆ ਕਿ ਸਰਕਾਰ ਦੇਸ਼ ਦੀਆਂ ਜਮਹੂਰੀ ਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਰੋਲ ਰਹੀ ਹੈ ਤੇ ਐਨਆਰਸੀ ਦੀ ਸੂਚੀ ਵਿੱਚੋਂ 40 ਲੱਖ ਭਾਰਤੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਵਫ਼ਦ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰ ਐਨਆਰਸੀ ਮੁੱਦੇ ਉਪਰ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਵੀ ਗੁਮਰਾਹਕੁਨ ਬਿਆਨ ਦੇ ਰਹੀ ਹੈ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਸਾਮ ਵਿੱਚ ਬੰਗਾਲੀਆਂ, ਅਸਮੀਆਂ, ਰਾਜਸਥਾਨੀਆਂ, ਮਾਰਵਾੜੀਆਂ, ਬਿਹਾਰੀਆਂ, ਗੋਰਖਿਆਂ, ਪੰਜਾਬੀਆਂ ਤੇ ਦੱਖਣੀ ਰਾਜਾਂ ਤੇ ਕਬਾਇਲੀ ਖੇਤਰਾਂ ਦੇ ਲੋਕਾਂ ਸਮੇਤ 40 ਲੱਖ ਤੋਂ ਵੱਧ ਭਾਰਤੀਆਂ ਨੂੰ ਐਨਆਰਸੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜੋ ਕਿ ਲੰਮੇ ਅਰਸੇ ਤੋਂ ਅਸਾਮ ਦੇ ਬਾਸ਼ਿੰਦੇ ਬਣੇ ਹੋਏ ਸਨ। ਇਸ ਵਫ਼ਦ ਵਿੱਚ ਕਾਂਗਰਸ ਦੇ ਅਨੰਦ ਸ਼ਰਮਾ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਸੀਪੀਐਮ ਦੇ ਮੁਹੰਮਦ ਸਲੀਮ, ਜੇਡੀਐਸ ਦੇ ਐਚਡੀ ਦੇਵੇਗੌੜਾ, ਟੀਡੀਪੀ ਦੇ ਵਾਈਐਸ ਚੌਧਰੀ ਤੇ ਆਪ ਦੇ ਸੰਜੇ ਸਿੰਘ ਆਦਿ ਸ਼ਾਮਲ ਸਨ। -ਪੀਟੀਆਈ

You May Also Like

Leave a Reply

Your email address will not be published. Required fields are marked *