ਵਿਸਾਖੀ ਮੌਕੇ ਸੂਬਾ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ: ਕੈਪਟਨ

ਚੰਡੀਗੜ੍ਹ, 13 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਵਾਸੀਆਂ ਨੂੰ ਵਿਸਾਖੀ ਮੌਕੇ ਘਰਾਂ ’ਚ ਹੀ ਰਹਿ ਕੇ ਸਵੇਰੇ 11 ਵਜੇ ਅਰਦਾਸ ਕਰਨ ਦੀ ਕੀਤੀ ਅਪੀਲ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।
ਮੁੱਖ ਮੰਤਰੀ ਨੇ ਵੀ ਆਪਣੀ ਰਿਹਾਇਸ਼ ਵਿਚ ਹੀ ਵਿਸਾਖੀ ਦੀ ਅਰਦਾਸ ਕੀਤੀ। ਉਨ੍ਹਾਂ ਆਸ ਜਤਾਈ ਕਿ ਲੋਕਾਂ ਵੱਲੋਂ ਇਕੱਠਿਆਂ ਕੀਤੀ ਅਰਦਾਸ ਪੰਜਾਬ ਨੂੰ ਸੁਰੱਖਿਅਤ ਕਰਦਿਆਂ ਕਰੋਨਾਵਾਇਰਸ ਖ਼ਿਲਾਫ਼ ਜਿੱਤ ਯਕੀਨੀ ਬਣਾਏਗੀ।
ਇਸ ਔਖੀ ਘੜੀ ਵਿਚ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਾਰੇ ਜ਼ਿੰਮੇਵਾਰੀ ਨਾਲ ਵਿਹਾਰ ਕਰਨ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਆਪਣਾ ਯੋਗਦਾਨ ਪਾਉਣ। ਮੁੱਖ ਮੰਤਰੀ ਨੇ ਕਿਹਾ, ‘ਬਦਕਸਿਮਤੀ ਨਾਲ ਸਾਨੂੰ ਕਰਫਿਊ ਦੇ ਸਮੇਂ ਵਿਚ ਦੋ ਹਫਤਿਆਂ ਦਾ ਹੋਰ ਵਾਧਾ ਕਰ ਕੇ ਪਹਿਲੀ ਮਈ ਤੱਕ ਕਰਨਾ ਪਿਆ ਪਰ ਹਾਲਾਤ ਨਾਜ਼ੁਕ ਹੋਣ ਕਾਰਨ ਹੋਰ ਕੋਈ ਰਸਤਾ ਵੀ ਨਹੀਂ ਸੀ।’ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਸਪਲਾਈ ਚੇਨ ਨੂੰ ਸੁਚਾਰੂ ਬਣਾਉਣ ਦੇ ਨਾਲ ਇਹ ਵੀ ਯਕੀਨੀ ਬਣਾਏਗੀ ਕਿ ਪਰਵਾਸੀ ਮਜ਼ਦੂਰਾਂ ਸਮੇਤ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ।

ਕੈਪਟਨ ਨੇ ਫੋਨ ਕਰ ਕੇ ਏਐੱਸਆਈ ਹਰਜੀਤ ਸਿੰਘ ਦਾ ਹਾਲ ਪੁੱਛਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੇ ਨਿਹੰਗਾਂ ਦੇ ਹਮਲੇ ਦਾ ਸ਼ਿਕਾਰ ਹੋਏ ਏਐੱਸਆਈ ਹਰਜੀਤ ਸਿੰਘ ਦਾ ਅੱਜ ਫੋਨ ਕਰ ਕੇ ਹਾਲ ਪੁੱਛਿਆ ਅਤੇ ਉਸ ਨੂੰ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਪੀਜੀਆਈ ਚੰਡੀਗੜ੍ਹ ਵਿਚ ਦਾਖ਼ਲ ਹਰਜੀਤ ਸਿੰਘ ਦੀ ਸਫ਼ਲ ਪਲਾਸਿਟਕ ਸਰਜਰੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਉਸ ਦੀ ਤੰਦਰੁਸਤੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਨੂੰ ਉਸ ਉੱਤੇ ਮਾਣ ਹੈ। ਕੈਪਟਨ ਨੇ ਹਰਜੀਤ ਸਿੰਘ ’ਤੇ ਬਿਨਾਂ ਵਜ੍ਹਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ। ਇਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੀਜੀਆਈ ਅਨੁਸਾਰ ਮਰੀਜ਼ ਦੀ ਹਾਲਤ ਸਥਿਰ ਹੈ।

You May Also Like

Leave a Reply

Your email address will not be published. Required fields are marked *