ਵਿੱਤ ਮੰਤਰੀ ਨੇ ਬਠਿੰਡਾ ਲਈ ਖੋਲ੍ਹਿਆ ਖ਼ਜ਼ਾਨੇ ਦਾ ਮੂੰਹ

ਬਠਿੰਡਾ: ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਵਿੱਚ ਵਿਸ਼ਵ ਪੱਧਰੀ ਆਡੀਟੋਰੀਅਮ ਬਣਾਉਣ ਦਾ ਐਲਾਨ ਕੀਤਾ। ਇਸ ਲਈ ਕਰੀਬ ਇੱਕ ਏਕੜ ਜ਼ਮੀਨ ਦੀ ਸ਼ਨਾਖ਼ਤ ਕਰਨ ਲਈ ਵੀ ਕਿਹਾ ਗਿਆ ਹੈ। ਅੱਜ ਬਠਿੰਡਾ ਸ਼ਹਿਰੀ ਹਲਕੇ ਦੇ ਦੌਰੇ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰ ਸਹੂਲਤ ਨਾਲ ਲੈਸ ਆਡੀਟੋਰੀਅਮ ਬਣੇਗਾ ਅਤੇ ਜ਼ਮੀਨ ਦੀ ਸ਼ਨਾਖ਼ਤ ਹੋਣ ਮਗਰੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਆਰਟ ਕੌਂਸਲ ਨਾਲ ਗੱਲ ਕੀਤੀ ਜਾਵੇਗੀ ਜਿਸ ਦੇ ਸਹਿਯੋਗ ਨਾਲ ਇਹ ਆਡੀਟੋਰੀਅਮ ਬਣੇਗਾ। ਵਿੱਤ ਮੰਤਰੀ ਨੇ ਅੱਜ ਕਰੀਬ 64 ਲੱਖ ਦੀਆਂ ਗਰਾਂਟਾਂ ਦੇ ਚੈੱਕ ਵਿਕਾਸ ਕਾਰਜਾਂ ਲਈ ਵੰਡੇ। ਕਈ ਸਮਾਗਮਾਂ ਵਿੱਚ ਉਨ੍ਹਾਂ ਅੱਜ ਸ਼ਮੂਲੀਅਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਖ਼ਜ਼ਾਨਾ ਮੰਤਰੀ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮੁਲਤਾਨੀਆਂ ਰੋਡ ਮਹੱਲਾ ਝੁਟੀਕਾ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਮਿਲੇ। ਉਨ੍ਹਾਂ ਸਕੂਲ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸਕੂਲ ਦੀ ਕਮੇਟੀ ਨੂੰ ਸੌਂਪਿਆ। ਲਾਲ ਸਿੰਘ ਬਸਤੀ ਗਲੀ ਨੰਬਰ 27 ਵਿੱਚ ਸ੍ਰੀ ਰਾਮ ਭਵਨ ਲਈ ਰਾਮ ਸੇਵਾ ਸਮਿਤੀ ਦੇ ਆਗੂਆਂ ਨੂੰ  ਪੰਜ ਲੱਖ, ਵਾਰਡ 40 ਦੇ ਆਰਓ ਲਈ ਸੱਤ ਲੱਖ ਅਤੇ ਵਾਰਡ 41 ਦੇ ਪ੍ਰਾਇਮਰੀ ਸਕੂਲ ਲਈ ਚਾਰ ਲੱਖ ਦੇ ਫ਼ੰਡ ਦਿੱਤੇ। ਖ਼ਜ਼ਾਨਾ ਮੰਤਰੀ ਨੇ ਡੀਏਵੀ ਕਾਲਜ ਲਈ ਦਸ ਲੱਖ, ਗਨੇਸ਼ਾ ਬਸਤੀ ਵਿੱਚ ਵਾਲਮੀਕੀ ਧਰਮਸ਼ਾਲਾ ਲਈ ਤਿੰਨ ਲੱਖ, ਰਮਦਾਸੀਆ ਧਰਮਸ਼ਾਲਾ ਲਈ ਦੋ ਲੱਖ, ਅਮਰਜੀਤ ਕੌਰ ਨੂੰ 50 ਹਜ਼ਾਰ, ਪਰਜਾਪਤ ਕਲੋਨੀ ਦੀ ਧਰਮਸ਼ਾਲਾ ਲਈ ਦੋ ਲੱਖ, ਸ੍ਰੀ ਦੁਰਗਾ ਧਰਮਸ਼ਾਲਾ ਲਈ ਪੰਜ ਲੱਖ, ਸੰਜੇ ਨਗਰ ਵਾਰਡ ਨੰਬਰ 35 ਦੀ ਖਟਿਕ ਧਰਮਸ਼ਾਲਾ ਲਈ ਦਸ ਲੱਖ, ਡਕੌਤ ਸਭਾ ਲਈ ਤਿੰਨ ਲੱਖ, ਨਾਟਿਅਮ ਥੀਏਟਰ ਲਈ ਦੋ ਲੱਖ ਅਤੇ ਕੁਸ਼ਟ ਆਸ਼ਰਮ ਲਈ ਪੰਜ ਲੱਖ ਦੀ ਗਰਾਂਟ ਦੇ ਚੈੱਕ ਵੰਡੇ। ਅਖੀਰ ਵਿਚ ਨੌਜਵਾਨ ਵੈਲਫੇਅਰ  ਸੁਸਾਇਟੀ ਨੂੰ ਐਬੂਲੈਂਸ ਦਿੱਤੀ। ਅੱਜ ਸਮਾਗਮਾਂ ਵਿੱਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਕਾਂਗਰਸ ਡੈਲੀਗੇਟ ਕੇਕੇ ਅਗਰਵਾਲ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਐਡਵੋਕੇਟ ਰਾਜਨ ਗਰਗ,ਅਰੁਣ ਵਧਾਵਨ, ਪਵਨ ਮਾਨੀ,ਹਰਪਾਲ ਬਾਜਵਾ ਹਾਜ਼ਰ ਸਨ।

You May Also Like

Leave a Reply

Your email address will not be published. Required fields are marked *