ਵੱਡੀ ਜਿੱਤ ਦੇ ਬਾਵਜੂਦ ਕੈਪਟਨ ਚੋਣ ਵਾਅਦੇ ਪੂਰੇ ਕਰਨ ’ਚ ਨਾਕਾਮ

ਚੰਡੀਗੜ੍ਹ: ਇਸ ਸਾਲ ਪੰਜਾਬ ਦੇਸ਼ ਦਾ ਇੱਕੋ ਇੱਕ ਸੂਬਾ ਹੈ ਜਿੱਥੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਸੱਤਾ ਹਾਸਲ ਕੀਤੀ ਹੈ। ਕਾਂਗਰਸ ਦੀ ਇੰਨੀ ਵੱਡੀ ਜਿੱਤ ਦਾ ਖ਼ੁਦ ਪਾਰਟੀ ਨੇ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕੀਤਾ। ਪਾਰਟੀ ਵਿਧਾਨ ਸਭਾ ਦੀ ਚੋਣ ਤਾਂ ਜਿੱਤ ਗਈ, ਪਰ ਉਸ ਦੇ ਤਿੰਨ ਚਾਰ ਸਿਖਰਲੇ ਆਗੂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਨੀਲ ਜਾਖੜ ਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਹਾਰ ਦੀ ਨਮੋਸ਼ੀ ਝੱਲਣੀ ਪਈ। ਇਨ੍ਹਾਂ ਵਿੱਚੋਂ ਹਾਰ ਦੇ ਬਾਵਜੂਦ ਜਾਖੜ ਦਾ ਸਿਤਾਰਾ  ਬੁਲੰਦ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਮਗਰੋਂ ਮਈ ਮਹੀਨੇ ਵਿੱਚ ਜਾਖੜ ਦੇ ਸਿਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਸਜ ਗਿਆ। ਭਾਜਪਾ ਛੱਡ ਕੇ ਆਏ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਵੱਡੇ ਫਰਕ ਨਾਲ ਚੋਣ ਜਿੱਤੇ ਤੇ ਕੈਪਟਨ ਵਜ਼ਾਰਤ ਵਿੱਚ ਮੰਤਰੀ ਬਣ ਗਏ। ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੋਲਾਰੀਆ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤਣ ਵਿੱਚ ਸਫਲ ਰਹੇ।
ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨਾਲ ਕਰਜ਼ਾ ਮੁਆਫ਼ੀ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਤੇ ਇਸ ਨਾਲ ਜੁੜੇ ਆਗੂਆਂ ਨੂੰ ਜੇਲ੍ਹੀਂ ਡੱਕਣ ਜਿਹੇ ਵਾਅਦੇ ਕੀਤੇ ਸਨ। ਕੈਪਟਨ ਸਰਕਾਰ ਨੇ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ ਵੀ ਬਣਾ ਦਿੱਤੀ ਸੀ, ਪਰ ਵਾਅਦੇ ਮੁਤਾਬਕ ਸਖਤ ਕਾਰਵਾਈ ਨਹੀਂ ਕੀਤੀ। ਇਸੇ ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆ ਗਈ ਤੇ ਉਸ ਜ਼ਿਲ੍ਹੇ ਦੇ ਲਗਪਗ ਸਾਰੇ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਟਿਕਟ ਦੇਣ ਦੀ ਸਿਫਾਰਸ਼ ਕੀਤੀ। ਜ਼ਿਮਨੀ ਚੋਣ ਵਿੱਚ ਜਾਖੜ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਤੇ ਸੰਸਦ ਪਹੁੰਚ ਗਏ। ਇਸ ਚੋਣ ਵਿੱਚ ਹੋਰਨਾਂ ਮੁੱਦਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਕਲਿਪ ਦੀ ਖਾਸੀ ਚਰਚਾ ਰਹੀ। ਇਸ ਕਲਿਪ ਨੇ ਅਕਾਲੀ-ਭਾਜਪਾ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿਤਾ ਤੇ ਕਾਂਗਰਸ ਨੂੰ ਪ੍ਰਚਾਰ ਦਾ ਕਾਰਗਰ ਹਥਿਆਰ ਮਿਲ ਗਿਆ।
ਜ਼ਿਮਨੀ ਚੋਣ ਮਗਰੋਂ ਮਜੀਠਾ ਹਲਕੇ ਦੇ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਨਸ਼ੀਲੇ ਪਦਾਰਥਾਂ ਦੇ ਮੁੱਦੇ ’ਤੇ ਮਜੀਠਾ ਹਲਕੇ ਵਿੱਚ ਇਕੱਠ ਸੱਦਿਆ, ਪਰ ਘੱਟ ਵਿਧਾਇਕਾਂ ਦੇ ਪਹੁੰਚਣ ਕਰਕੇ ਇਹ ਮੁਹਿੰਮ ਵੀ ਠੰਢੀ ਪੈ ਗਈ ਤੇ ਹੁਣ ਸਾਰਾ ਦਾਰੋਮਦਾਰ ਮੁੱਖ ਮੰਤਰੀ ਦਫਤਰ ’ਤੇ ਰਹਿ ਗਿਆ ਹੈ। ਇਸੇ ਮਹੀਨੇ ਹੀ ਤਿੰਨ ਨਗਰ ਨਿਗਮਾਂ ਤੇ 32 ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਜਿਸ ਵਿਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ। ਵਿਰੋਧੀ ਧਿਰ ਨੇ ਹਾਕਮ ਧਿਰ ’ਤੇ ਕੁਝ ਥਾਵਾਂ ’ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਾਏ। ਇਸ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ ਗਿਆ। ਨਵੇਂ ਸਾਲ ਵਿੱਚ ਲੁਧਿਆਣਾ ਨਗਰ ਨਿਗਮ ਦੀ ਚੋਣ ਹੋਣੀ ਹੈ ਤੇ ਮਗਰੋਂ ਪੰਚਾਇਤ ਚੋਣਾਂ ਹੋਣਗੀਆਂ। ਨਵੇਂ ਸਾਲ ਵਿੱਚ ਲੋਕ ਵਾਅਦੇ ਪੂਰੇ ਕਰਨ ਲਈ ਜ਼ੋਰ ਪਾਉਣਗੇ ਤੇ ਸੰਭਵ ਹੈ ਕਿ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਅੰਦੋਲਨਾਂ ਦਾ ਵੀ ਸਾਹਮਣਾ ਕਰਨਾ ਪਵੇ।

You May Also Like

Leave a Reply

Your email address will not be published. Required fields are marked *