ਸ਼ਰਾਬ ਤਸਕਰੀ ਵਿਰੁੱਧ ਮੁੱਖ ਮੰਤਰੀ ਵੱਲੋਂ ਸਖਤੀ ਦੇ ਹੁਕਮ ਜਾਰੀ

ਚੰਡੀਗੜ੍ਹ, 17 ਮਈ – ਪੰਜਾਬ ‘ਚ ਸ਼ਰਾਬ ਮਾਫੀਏ ਅਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣ ਦੇ ਕਾਰਨ ਵਿਰੋਧੀ ਧਿਰਾਂ ਦੇ ਹਮਲਿਆਂ ਪਿੱਛੋਂ ਰਾਜ ਸਰਕਾਰ ਨੇ ਕੱਲ੍ਹ ਸ਼ਰਾਬ ਦੀ ਤਸਕਰੀ ਤੇ ਗੈਰ ਕਾਨੂੰਨੀ ਸ਼ਰਾਬ ਕੱਢਣ ਵਾਲਿਆਂ ਦੇ ਖਿਲਾਫ ਸਖਤੀ ਕਰਨ ਲਈ ਤਿਆਰੀ ਕਰ ਲਈ ਹੈ।
ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਪੁਲਸ ਵਿਭਾਗ ਨੂੰ ਸ਼ਰਾਬ ਦੀ ਹਰ ਤਰ੍ਹਾਂ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਕੱਢਣ ਤੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ ਤਾਂ ਕਿ ਇਨ੍ਹਾਂ ਗਤੀਵਿਧੀਆਂ ਨਾਲ ਰਾਜ ਦੇ ਖਜ਼ਾਨੇ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾ ਨੇ ਨਾਜਾਇਜ਼ ਸ਼ਰਾਬ ਕੱਢਣ/ ਤਸਕਰੀ ਕਰਨ/ ਵੇਚਣ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਦਾ ਸਮਰਥਨ ਕਰਨ ਜਾਂ ਲਾਪ੍ਰਵਾਹੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਵੀ ਸਖਤੀ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਹੁਕਮਾਂ ਉਤੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਸਾਰੇ ਪੁਲਸ ਕਮਿਸ਼ਨਰਾਂ ਤੇ ਜ਼ਿਲਾ ਪੁਲਸ ਮੁਖੀਆਂ ਨੂੰ 23 ਮਈ ਤੱਕ ਜ਼ਿਲਾ ਅਤੇ ਥਾਣਾ ਪੱਧਰ ‘ਤੇ ਸ਼ਰਾਬ ਦੇ ਤਸਕਰਾਂ, ਸਪਲਾਈ ਕਰਨ ਵਾਲਿਆਂ, ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਦੀ ਪਛਾਣ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਕੇ ਅਜਿਹੇ ਲੋਕਾਂ ਵਿਰੁੱਧ ਆਫਤ ਪ੍ਰਬੰਧ ਅਤੇ ਮਹਾਮਾਰੀ ਐਕਟ ਦੀਆਂ ਧਾਰਾਵਾਂ ਸਮੇਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ।
ਪੰਜਾਬ ਦੇ ਪੁਲਸ ਮੁਖੀ ਨੇ ਦੱਸਿਆ ਕਿ ਸਾਰੇ ਪੁਲਸ ਕਮਿਸ਼ਨਰਾਂ ਤੇ ਜ਼ਿਲਾ ਪੁਲਸ ਮੁਖੀਆਂ ਨੂੰ ਕਹਿ ਦਿੱਤਾ ਹੈ ਕਿ ਉਹ ਅੰਤਰਰਾਜੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਰੋਜ਼ਾਨਾ ਨਿਗਰਾਨੀ ਕਰਨ। ਇਸ ਦੇ ਨਾਲ ਸਾਰੇ ਪੁਲਸ ਕਮਿਸ਼ਨਰ ਤੇ ਆਈ ਜੀਜ਼ ਵੱਲੋਂ ਉਨ੍ਹਾਂ ਦੇ ਖੇਤਰਾਂ ਹੇਠਲੇ ਜ਼ਿਲਿਆਂ ਦੀਆਂ ਇਸ ਬਾਰੇ ਮਾਸਿਕ ਰਿਪੋਰਟ ਬਿਨਾਂ ਦੇਰੀ ਹਰ ਮਹੀਨੇ ਦੀ ਪੰਜ ਤਰੀਕ ਤੋਂ ਪਹਿਲਾਂ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ (ਏ ਡੀ ਜੀ ਪੀ ਲਾਅ ਐਂਡ ਆਰਡਰ) ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨਾਂ ਦੇ ਡੀ ਐੱਸ ਪੀਜ਼ ਅਤੇ ਥਾਣਾ ਮੁਖੀਆਂ ਨਾਲ ਵੀਡੀਓ ਕਾਫਰੰਸ ਕਰ ਕੇ ਉਨ੍ਹਾਂ ਨੂੰ ਇਹ ਸਪੱਸ਼ਟ ਨਿਰਦੇਸ਼ ਦੇ ਦਿੱਤੇ ਹਨ ਕਿ ਜੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਸ਼ਰਾਬ ਦੀ ਕੋਈ ਗੈਰ ਕਾਨੂੰਨੀ ਫੈਕਟਰੀ ਚੱਲਦੀ ਫੜੀ ਗਈ, ਜਿਵੇਂ ਪਿੱਛੇ ਜਿਹੇ ਖੰਨਾ ਤੇ ਰਾਜਪੁਰਾ ‘ਚ ਹੋਇਆ ਹੈ ਤਾਂ ਸੰਬੰਧਤ ਅਫਸਰਾਂ ਨੂੰ ਹੋਰ ਥਾਂ ਤਬਦੀਲ ਕਰ ਕੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਤੇ ਵਿਭਾਗੀ ਕਾਰਵਾਈ ਹੋਵੇਗੀ ਅਤੇ ਅਜਿਹਾ ਅਫਸਰ ਭਵਿੱਖ ਵਿੱਚ ਐੱਸ ਐੱਚ ਓ ਲੱਗਣ ਤੇ ਜਨਤਕ ਡੀਲਿੰਗ ਦੀ ਨਿਯੁਕਤੀ ਦੇ ਆਯੋਗ ਹੋ ਜਾਵੇਗਾ।

You May Also Like

Leave a Reply

Your email address will not be published. Required fields are marked *