ਸ਼ਰੀਫ਼ ਪਰਿਵਾਰ ਦੀ ਰਿਹਾਈ ਕਾਨੂੰਨ ਮੁਤਾਬਕ ਹੋਣ ਦਾ ਦਾਅਵਾ

ਇਸਲਾਮਾਬਾਦ: ਹਾਈ ਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਜ਼ਾਵਾਂ ਰੱਦ ਕੀਤੇ ਜਾਣ ਮਗਰੋਂ ਇਕ ਸੀਨੀਅਰ ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਰਿਹਾਈ ਲਈ ਪਾਕਿਸਤਾਨ ਤੇ ਸਾਊਦੀ ਅਰਬ ਦੀਆਂ ਸਰਕਾਰਾਂ ਨੇ ਪਰਦੇ ਪਿੱਛੇ ਕੋਈ ਸਮਝੌਤਾ ਨਹੀਂ ਕੀਤਾ। ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਨਾ ਕੋਈ ‘ਡੀਲ’ ਹੋਈ ਹੈ ਤੇ ਨਾ ਕਿਸੇ ਨੂੰ ਕੋਈ ‘ਢੀਲ’ (ਰਿਆਇਤ) ਦਿੱਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ ਨੇ ਬੁੱਧਵਾਰ ਨੂੰ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਕੈਪਟਨ ਮੁਹੰਮਦ ਸਫ਼ਦਰ ਨੂੰ ਏਵਨਫੀਲਡ ਭ੍ਰਿਸ਼ਟਾਚਾਰ ਕੇਸ ਵਿੱਚ ਸੁਣਾਈ ਜੇਲ੍ਹ ਦੀ ਸਜ਼ਾ ਰੱਦ ਕਰਦਿਆਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚੋਂ ਰਿਹਾਅ ਕਰਨ ਦੇ ਹੁਕਮ ਕੀਤੇ ਸਨ।
ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ, ‘ਕਿਸੇ ਵੀ ਮੁਲਕ ਨੇ ਉਨ੍ਹਾਂ ਦੀ ਰਿਹਾਈ ਲਈ ਨਹੀਂ ਕਿਹਾ। ਸਾਊਦੀ ਅਰਬ ਲਈ ਨਵਾਜ਼ ਸ਼ਰੀਫ਼ ਇੰਨਾ ਅਹਿਮ ਨਹੀਂ ਕਿ ਉਹ ਉਸ ਬਾਰੇ ਗੱਲ ਕਰਨ।’ ਉਂਜ ਚੌਧਰੀ ਨੇ ਇਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਤਿੰਨ ਵਾਰ ਮੁਲਕ ਦੇ ਵਜ਼ੀਰੇ ਆਜ਼ਮ ਰਹੇ ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਤੇ ਰਿਆਧ ਵਿਚਾਲੇ ਹੋਈ ‘ਸਮਝੌਤੇ’ ਤਹਿਤ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਡਾਅਨ ਅਖ਼ਬਾਰ ’ਚ ਅਜਿਹੀਆਂ ਰਿਪੋਰਟਾਂ ਛਪੀਆਂ ਸਨ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਊਦੀ ਅਰਬ ਦੀ ਫ਼ੇਰੀ ਮਗਰੋਂ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਸੀ ਕਿ ਸ਼ਰੀਫ਼ ਪਰਿਵਾਰ ਨੂੰ ਸਾਊਦੀ ਅਰਬ ਦੀ ਅਪੀਲ ’ਤੇ ਰਿਹਾਅ ਕੀਤਾ ਗਿਆ ਹੈ। ਚੌਧਰੀ ਨੇ ਸਾਫ਼ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਹਾਲੀਆ ਸਾਊਦੀ ਅਰਬ ਦੀ ਫੇਰੀ ਦੌਰਾਨ ਨਵਾਜ਼ ਸ਼ਰੀਫ਼ ਦੇ ਮੁੱਦੇ ’ਤੇ ਕੋਈ ਗੱਲਬਾਤ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਨਾ ਕੋਈ ‘ਡੀਲ’ ਹੋਈ ਹੈ ਤੇ ਨਾ ਹੀ ਕਿਸੇ ਨੂੰ ਕੋਈ ‘ਢੀਲ’ (ਰਿਆਇਤ) ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਸ਼ਰੀਫ਼ ਪਰਿਵਾਰ ਨੂੰ ਸਿਰਫ਼ ਇਸ ਮਾਮਲੇ ’ਚ ਜ਼ਮਾਨਤ ਮਿਲੀ ਤੇ ਉਨ੍ਹਾਂ ਖ਼ਿਲਾਫ਼ ਕੇਸ ਅਜੇ ਵੀ ਬਕਾਇਆ ਹੈ। ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

You May Also Like

Leave a Reply

Your email address will not be published. Required fields are marked *