ਸ਼ਾਹਕੋਟ: ‘ਆਪ’ ਨੇ ਰਤਨ ਉੱਤੇ ਰੱਖੀ ਟੇਕ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਭਾਵੇਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਹ ਅੱਜ ਵੀ ਪੰਜਾਬ ਦੇ ਪ੍ਰਧਾਨ ਹਨ ਕਿਉਂਕਿ ਹਾਈਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਸ੍ਰੀ ਸਿਸੋਦੀਆ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਹਾਈਕਮਾਂਡ ਨਾਲ ਮੀਟਿੰਗ ਕਰਨ ਦਿੱਲੀ ਅਵੱਸ਼ ਜਾਣਗੇ ਅਤੇ ਉਹ (ਸਿਸੋਦੀਆ) ਵੀ ਪੰਜਾਬ ਵਿਚ ਮੀਟਿੰਗ ਕਰਨ ਆਉਣਗੇ। ਸ੍ਰੀ ਸਿਸੋਦੀਆ ਨੇ ਅੱਜ ਪਹਿਲਾਂ ਮੁਹਾਲੀ ਵਿਚ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਕੀਤਾ ਅਤੇ ਫਿਰ ਚੰਡੀਗੜ੍ਹ ਵਿਚ ਸੈਕਟਰ 37 ਦੇ ਕਮਿਊਨਿਟੀ ਸੈਂਟਰ ’ਚ ਪੰਜਾਬ ਇਕਾਈ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਸ਼ਾਹਕੋਟ ਦੀ ਜ਼ਿਮਨੀ ਚੋਣ ਲੜਣ ਦਾ ਐਲਾਨ ਕੀਤਾ ਅਤੇ ਰਤਨ ਸਿੰਘ ਕਾਕੜਕਲਾਂ ਨੂੰ ਉਮੀਦਵਾਰ ਐਲਾਨਿਆ। ਸ੍ਰੀ ਕਾਕੜਕਲਾਂ ਪਾਰਟੀ ਦਾ ਪੁਰਾਣਾ ਵਲੰਟੀਅਰ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਇਕਾਈ ਦਾ ਸਕੱਤਰ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਸਮੇਤ ਕੁਝ ਹੋਰ ਲੀਡਰਾਂ ਨੇ ਸ਼ਾਹਕੋਟ ਦੀ ਚੋਣ ਨਾ ਲੜਣ  ਦੀ ਸਲਾਹ ਦਿੱਤੀ ਸੀ। ਸ੍ਰੀ ਸਿਸੋਦੀਆ ਨੇ ਕਿਹਾ ਕਿ ਭਾਵੇਂ ਸ੍ਰੀ ਖਹਿਰਾ ਤੇ ਸ੍ਰੀ ਮਾਨ ਨੇ ਚੋਣ ਨਾ ਲੜਣ ਦੀ ਰਾਏ ਦਿੱਤੀ ਸੀ ਪਰ ਪਾਰਟੀ ਨੇ ਚੋਣ ਲੜਣ ਦਾ ਫੈਸਲਾ ਲਿਆ ਹੈ ਅਤੇ ਹਮੇਸ਼ਾ ਪਾਰਟੀ ਦਾ ਫੈਸਲਾ ਹੀ ਅੰਤਮ ਹੁੰਦਾ ਹੈ। ਇਸ ਸਮਾਗਮ ਨੂੰ ਪੰਜਾਬ ਦੇ ਸਹਿ ਪ੍ਰਧਾਨ ਡਾ ਬਲਬੀਰ ਸਿੰਘ , ਸੁਖਪਾਲ ਖਹਿਰਾ, ਵਿਧਾਨ ਸਭਾ ਵਿਚ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਤੇ ਗੁਰਦਿੱਤ ਸਿੰਘ ਸ਼ੇਖੋਂ, ਗੈਰੀ ਵੜਿੰਗ, ਜਗਤਾਰ ਸਿੰਘ ਸੰਘੇੜਾ, ਜਸਤੇਜ ਸਿੰਘ ਤੋਂ ਇਲਾਵਾ ਐਚਐਸ ਫੂਲਕਾ ਤੇ ਕੰਵਰ ਸੰਧੂ ਨੂੰ ਛੱਡ ਕੇ ਸਾਰੇ ਵਿਧਾਇਕ ਮੌਜੂਦ ਸਨ। ਭਗਵੰਤ ਮਾਨ ਵਿਦੇਸ਼ ਗਏ ਹੋਣ ਕਾਰਨ ਸਮਾਗਮ ਵਿਚੋਂ ਗੈਰ-ਹਾਜ਼ਰ ਸਨ। ਸ੍ਰੀ ਸਿਸੋਦੀਆ ਨੇ ਇਸ ਮੌਕੇ ਐਲਾਨ ਕੀਤਾ ਕਿ ਪਾਰਟੀ ਸਾਲ 2019 ਵਿਚ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਮੂਹ 13 ਸੀਟਾਂ ਤੋਂ ਚੋਣ ਲੜੇਗੀ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪੂਰੀ ਤਰਾਂ ਸ਼ਿਰਕਤ ਕਰੇਗੀ। ਸੈਕਟਰ 37 ਦੇ ਕਮਿਊਨਿਟੀ ਸੈਂਟਰ ਵਿਚ ਓਐਸਡੀ ਨੇ ਮੌਕੇ ’ਤੇ ਹੀ ਕਮਿਊਨਿਟੀ ਸੈਂਟਰ ਦੀ ਬੁਕਿੰਗ ਰੱਦ ਕਰਕੇ ਸੈਕਟਰ 39 ਥਾਣੇ ਦੇ ਐਸਐਚਓ ਰਾਜਦੀਪ ਸਿੰਘ ਨੂੰ ਸੈਂਟਰ ਅੱਧੇ ਘੰਟੇ ਵਿਚ ਖਾਲ੍ਹੀ ਕਰਵਾਉਣ ਦੇ ਆਦੇਸ਼ ਦਿੱਤੇ। ਨੋਟਿਸ ਜਾਰੀ ਹੋਣ ’ਤੇ ਪਾਰਟੀ ਨੇ ਬਾਅਦ ਦੁਪਹਿਰ 2.30 ਵਜੇ ਸਮਾਗਮ ਸਮਾਪਤ ਕਰ ਦਿੱਤਾ।

You May Also Like

Leave a Reply

Your email address will not be published. Required fields are marked *