ਸ਼ੈਰੀ ਨੇ ਲੰਗਾਹ ਤੇ ਮਜੀਠੀਆ ਖ਼ਿਲਾਫ਼ ਕੀਤੀ ਤਾਬੜਤੋੜ ਬੱਲੇਬਾਜ਼ੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਜਨੀਤੀ ਉਨ੍ਹਾਂ ਲਈ ਮਿਸ਼ਨ ਹੈ, ਜਦੋਂ ਕਿ 90 ਫੀਸਦੀ ਰਾਜਨੀਤਕ ਆਗੂਆਂ ਲਈ ਇਹ ਧੰਦਾ ਬਣ ਗਈ ਹੈ।
ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ‘ਮੀਟ ਦਿ ਪ੍ਰੈੱਸ ਪ੍ਰੋਗਰਾਮ’ ਵਿੱਚ ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ ਤੇ ਇਸ ਕਰ ਕੇ ਹੀ ਉਹ ਰਾਜਨੀਤੀ ਵਿੱਚ ਹਨ। ਅਕਾਲੀ ਦਲ ਦੀ ਲੀਡਰਸ਼ਿਪ ਉਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਯਕੀਨ ਨਹੀਂ ਹੁੰਦਾ ਕਿ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਦਾਅਵੇਦਾਰ ਸੀ। ਉਨ੍ਹਾਂ  ਕਿਹਾ ਕਿ ਅਕਾਲੀ ਦਲ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਸੀ ਪਰ ਅੱਜ ਨੀਲੀਆਂ ਪੱਗਾਂ ਬੰਨ੍ਹਣ ਵਾਲਿਆਂ ਦੀਆਂ ਨੀਲੀਆਂ ਫਿਲਮਾਂ ਬਣ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਲੋਕ ਭਾਵੇਂ ਕਾਂਗਰਸ ਨੂੰ ਬਹੁਤਾ ਪਸੰਦ ਨਾ ਕਰਨ ਪਰ ਲੰਗਾਹ ਨੂੰ ਲਾਜ਼ਮੀ ਤੌਰ ’ਤੇ ਨਫ਼ਰਤ ਕਰਦੇ ਹਨ। ਇਸ ਕਾਰਨ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਆਸਾਨੀ ਨਾਲ ਜਿੱਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਵੈਸੇ ਵੀ ਇਕ ਆਗੂ ਦੇ ਤੌਰ ’ਤੇ ਜਾਖੜ ਤੇ ਸਲਾਰੀਆ ਦਾ ਕੋਈ ਮੁਕਾਬਲਾ ਨਹੀਂ ਹੈ। ਸਲਾਰੀਆ ’ਤੇ ਵੀ ਕਥਿਤ ਤੌਰ ਉਤੇ ਉਹੀ ਦੋਸ਼ ਲਗਦੇ ਹਨ, ਜਿਹੜੇ ਅਕਾਲੀ ਆਗੂ ’ਤੇ ਲੱਗੇ ਹਨ। ਉਸ ਵਿਰੁੱਧ ਵੀ ਜਬਰਜਨਾਹ ਦਾ ਕੇਸ ਦਰਜ ਹੈ। ਪੰਜਾਬ ਦੀ ਕਿਸਾਨੀ ਦੀ ਚਰਚਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਸਨਅਤ ਦੀ ਮਦਦ ਮਿਲਣੀ ਚਾਹੀਦੀ ਸੀ। ਐਗਰੋ ਆਧਾਰਤ ਸਨਅਤਾਂ ਲੱਗਣੀਆਂ ਚਾਹੀਦੀਆਂ ਸਨ। ਹੁਣ ਸਾਡੀ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਹੈ ਤੇ ਅਜਿਹੇ ਕਦਮ ਚੁੱਕ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਆਵੇਗਾ। ਉਨ੍ਹਾਂ ਮੰਨਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨੀ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ ਪਰ ਰਾਜ ਸਰਕਾਰ ਲਾਜ਼ਮੀ ਤੌਰ ’ਤੇ ਦਿੱਕਤਾਂ ਦੂਰ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਕਿਸੇ ਦਾ ਵੀ ਹੋਵੇ, ਉਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵਿਰੁੱਧ ਕਾਫ਼ੀ ਤਲਖ ਟਿੱਪਣੀਆਂ ਕਰਦਿਆਂ ਕਿਹਾ ਕਿ ਉਸ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।
ਆਪਣੇ ਸਥਾਨਕ ਸਰਕਾਰਾਂ ਵਿਭਾਗ ਦੀ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਦੇ 95 ਫੀਸਦੀ ਸੀਵਰ ਚੋਕ ਹਨ ਤੇ ਪਿਛਲੇ ਦਿਨੀਂ ਪਟਿਆਲਾ ਨਗਰ ਨਿਗਮ ਮੁਲਾਜ਼ਮਾਂ ਨੂੰ ਇਸ ਗੱਲ ਦਾ ਪਤਾ ਲਾਉਣ ਵਿੱਚ ਦੋ ਦਿਨ ਲੱਗ ਗਏ ਕਿ ਸੀਵਰ ਕਿਸ ਥਾਂ ਤੋਂ ਬੰਦ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਨੇ ਸੱਤਾ ਸੰਭਾਲੀ ਤਾਂ ਉਸ ਵੇਲੇ ਸੂਬੇ ਦਾ ਇਕ ਵੀ ਸੀਵਰੇਜ ਟਰੀਟਮੈਂਟ ਪਲਾਂਟ ਚਾਲੂ ਹਾਲਤ ਵਿੱਚ ਨਹੀਂ ਸੀ, ਜਦੋਂ ਕਿ ਹੁਣ 13 ਚਾਲੂ ਹੋ ਗਏ ਹਨ। ਅਗਲੇ ਕੁਝ ਦਿਨਾਂ ਵਿੱਚ 15 ਹੋਰ ਪਲਾਂਟ ਚੱਲ ਪੈਣਗੇ।

ਮੀਡੀਆ ਤੇ ਬੀਵੀ ਤੋਂ ਹੀ ਡਰਦਾ ਹਾਂ…
ਨਵਜੋਤ ਸਿੱਧੁੂ ਨੇ ਕਿਹਾ ਕਿ ਮੀਡੀਆ ਦੀ ਇਕ ਬੇਬਾਕ ਰਿਪੋਰਟ ਨੇ ਉਸ ਨੂੰ ਸਟਾਰ ਕ੍ਰਿਕਟਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਕ ਅੰਗਰੇਜ਼ੀ ਅਖਬਾਰ ਵਿੱਚ ਛਪੀ  ਰਿਪੋਰਟ ਨੂੰ ਦੇਖ ਕੇ ਉਨ੍ਹਾਂ ਦੇ ਪਿਤਾ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ। ਉਨ੍ਹਾਂ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਅੱਥਰੂ ਦੇਖੇ ਤਾਂ ਉਨ੍ਹਾਂ ਉਹ ਰਿਪੋਰਟ ਕੱਟ ਕੇ ਆਪਣੇ ਕਮਰੇ ਵਿੱਚ ਲਾ ਲਈ ਤੇ ਉਸ ਦਿਨ ਤੋਂ ਬਾਅਦ ਸਖ਼ਤ ਮਿਹਨਤ ਕਰਨ ਲੱਗ ਪਏ। ਹੱਥਾਂ ਵਿੱਚੋਂ ਖ਼ੂਨ ਨਿਕਲਣ ਲੱਗ ਪੈਂਦਾ ਪਰ ਤਾਂ ਵੀ ਉਹ ਕ੍ਰਿਕਟ ਖੇਡਦੇ ਰਹਿੰਦੇ। ਇਸ ਮਿਹਨਤ ਸਦਕਾ ਉਨ੍ਹਾਂ ਨੂੰ ਮੁੜ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਪਿਤਾ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਨੇ ਉਸ ਨੂੰ ਝੂਠ ਬੋਲਣਾ ਛੁਡਵਾਇਆ। ਉਸ ਨੇ ਕਿਹਾ ਕਿ ਉਹ ਕੇਵਲ ਮੀਡੀਆ ਤੇ ਬੀਵੀ ਤੋਂ ਹੀ ਡਰਦੇ ਹਨ। ਸਿੱਧੁੂ ਨੇ ਪੱਤਰਕਾਰਾਂ ਦੀ ਰੱਖਿਆ ਲਈ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ।

You May Also Like

Leave a Reply

Your email address will not be published. Required fields are marked *