‘ਸਟੈਚੂ ਆਫ ਯੂਨਿਟੀ’ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ

ਕੇਵਾਡੀਆ(ਗੁਜਰਾਤ): ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਿਤ ‘ਸਟੈਚੂ ਆਫ ਯੂਨਿਟੀ’ ਨੂੰ ਇੱਥੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਯਾਦਗਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਉਦਘਾਟਨ ਕਰਨਗੇ। ਇਹ ਦੁਨੀਆਂ ਦਾ ਸਭ ਤੋਂ ਲੰਮਾ ਬੁੱਤ ਹੋਵੇਗਾ। ਨਰਮਦਾ ਦਰਿਆ ਉੱਤੇ ਸਾਧੂ ਬੇਟ ਟਾਪੂ ਵਿੱਚ ਇਸ ਬੁੱਤ ਨੂੰ ਅੰਤਿਮ ਛੋਹਾਂ ਦੇਣ ਦੇ ਲਈ 250 ਇੰਜਨੀਅਰਾਂ ਦੀ ਅਗਵਾਈ ਵਿੱਚ 3400 ਮਜ਼ਦੂਰ ਲੱਗੇ ਹੋਏ ਹਨ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਸ਼ਤਾਬਦੀ ਮੌਕੇ 182 ਮੀਟਰ ਲੰਬਾ ਬੁੱਤ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਹੈ।
ਇੰਜਨੀਅਰਿੰਗ ਦੇ ਇਸ ਵਿਲੱਖਣ ਨਮੂਨੇ ਉੱਤੇ 2389 ਕਰੋੜ ਦੇ ਕਰੀਬ ਖਰਚ ਆਉਣ ਦਾ ਅਨੁਮਾਨ ਹੈ। ਸਰਦਾਰ ਸਰੋਵਰ ਨਰਮਦਾ ਨਿਗਮ ਲਿਮਿਟਿਡ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਐੱਸ ਐੱਸ ਰਠੌੜ ਦੇ ਅਨੁਸਾਰ ਇਸ ਬੁੱਤ ਦਾ ਨਿਰਮਾਣ ਹਰ ਹਾਲਤ ਵਿੱਚ 31 ਅਕਤੂਬਰ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਹੈ। ਸਰਕਾਰੀ ਸੂਤਰਾਂ ਅਨੁਸਾਰ ਯਾਦਗਾਰ ਦਾ ਅੰਦਰੂਨੀ ਕਾਰਜ ਜ਼ੋਰਾਂ ਉੱਤੇ ਚੱਲ ਰਿਹਾ ਹੈ। ਇਸ ਯਾਦਗਾਰ ਵਿੱਚ ਇੱਕ ਮਿਊਜ਼ੀਅਮ ਵੀ ਹੈ। ਬੁੱਤ ਦੇ ਪੈਰਾਂ ਵਿੱਚ ਇੱਕ ਯਾਦਗਾਰੀ ਬਾਗ਼ ਵੀ ਹੈ, ਜਿਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਯਾਦਗਾਰ ਦੇ ਰਸਤਿਆਂ ਵਿੱਚ ਮਾਰਬਲ ਲਾਇਆ ਜਾ ਰਿਹਾ ਹੈ।
ਇਸ ਯਾਦਗਾਰ ਦਾ ਨੀਂਹ ਪੱਥਰ ਵੀ ਸ੍ਰੀ ਮੋਦੀ ਨੇ 31 ਅਕਤੂਬਰ 2013 ਨੂੰ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਰੱਖਿਆ ਸੀ। ਯਾਦਗਾਰ ਦੀ ਜਿੰਮੇਵਾਰੀ ਐੱਲ ਐਂਡ ਟੀ ਨੂੰ ਸੰਭਾਲੀ ਗਈ ਸੀ ਤੇ ਇਸ ਨੂੰ ਤਿਆਰ ਕਰਨ ਵਿੱਚ 42 ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ। -ਪੀਟੀਆਈ

 

You May Also Like

Leave a Reply

Your email address will not be published. Required fields are marked *