ਸਫ਼ਲਤਾ ਨੂੰ ਕਦੇ ਖੁਦ ’ਤੇ ਹਾਵੀ ਨਹੀਂ ਹੋਣ ਦਿੱਤਾ: ਕਪਿਲ ਸ਼ਰਮਾ

ਚੰਡੀਗੜ੍ਹ: ਹਾਸਿਆਂ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਕਪਿਲ ਸ਼ਰਮਾ ਅਗਲੇ ਹਫ਼ਤੇ ਆਪਣੀ ਨਵੀਂ ਫ਼ਿਲਮ ‘ਫ਼ਿਰੰਗੀ’ ਨਾਲ ਲੋਕ ਕਚਹਿਰੀ ’ਚ ਪੇਸ਼ ਹੋਣਗੇ। ਫ਼ਿਲਮ ਦਰਸ਼ਕਾਂ ਨੂੰ 1920 ਦੇ ਅੰਗਰੇਜ਼ਾਂ ਦੇ ਸਮੇਂ ਦੀ ਯਾਦ ਤਾਜ਼ਾ ਕਰਵਾਏਗੀ। ਕਪਿਲ ਨੇ ਫ਼ਿਲਮ ਵਿੱਚ ‘ਮੰਗਾ’ ਨਾਂ ਦੇ ਘੱਟ ਪੜ੍ਹੇ-ਲਿਖੇ ਨੌਜਵਾਨ ਦੀ ਭੂਮਿਕਾ ਨਿਭਾਈ ਹੈ।  ਫ਼ਿਲਮ ਦੀ ਪ੍ਰਮੋਸ਼ਨ ਲਈ ਅੱਜ ਚੰਡੀਗੜ੍ਹ ਪਹੁੰਚੇ ਕਪਿਲ ਸ਼ਰਮਾ ਨੇ ‘ਫ਼ਿਰੰਗੀ’ ਨੂੰ ਲੈ ਕੇ ਕਈ ਤਜਰਬੇ ਸਾਂਝੇ ਕੀਤੇ।
ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਪਿਲ ਨੇ ਦੱਸਿਆ ਕਿ ਪੰਜਾਬ ਆ ਕੇ ਉਸ ਦੀ ਰੂਹ ਖਿੜ ਜਾਂਦੀ ਹੈ। ਕਪਿਲ ਨੇ ਕਿਹਾ ਕਿ ਉਸ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਤੋਂ  ‘ਲਾਫਟਰ ਚੈਲੇਂਜ’ ਸ਼ੋਅ ਰਾਹੀਂ ਕੀਤੀ ਸੀ। ਅਦਾਕਾਰ ਨੇ ਕਿਹਾ ਕਿ ਉਸ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਫਲਤਾ ਉਸ ਦੇ ਸਿਰ ਨਾ ਚੜ੍ਹੇ।  ‘ਫ਼ਿਰੰਗੀ’ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਇਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਫਿਲਮ ਹੈ। ਫ਼ਿਲਮ ਵਿਚਲਾ ਉਸ ਦਾ ਕਿਰਦਾਰ ਮੰਗਾ ਚੌਥੀ ਪਾਸ ਹੈ ਅਤੇ ਅੰਗਰੇਜ਼ਾਂ ਦੀ ਫੌਜ ਵਿੱਚ ਕੰਮ ਕਰਨ ਦੀ ਇੱਛਾ ਰੱਖਦਾ ਹੈ। ਉਹ ਤਿੰਨ ਵਾਰ ਕੋਸ਼ਿਸ਼ ਕਰਦਾ ਹੈ, ਪਰ ਹਰ ਵਾਰ ਨਾਕਾਮ ਰਹਿੰਦਾ ਹੈ।  ਫਿਰ ਕੁਝ ਅਜਿਹਾ ਹੁੰਦਾ ਹੈ ਕਿ ਉਸ ਦੀ ਤਕਦੀਰ ਅਚਾਨਕ ਪਲਟ ਜਾਂਦੀ ਹੈ। ਕਪਿਲ ਨੇ ਕਿਹਾ ਕਿ ਬਾਕੀ ਦੀ ਕਹਾਣੀ ਦਰਸ਼ਕਾਂ ਨੂੰ ਥੀਏਟਰਾਂ ਵਿੱਚ ਜਾ ਕੇ ਦੇਖਣੀ ਪਏਗੀ।
ਕਪਿਲ ਨੇ ਕਿਹਾ ਕਿ ਫਿਲਮ ਵਿੱਚ ਇਸ਼ਿਤਾ ਦੱਤਾ, ਮੋਨਿਕਾ ਗਿੱਲ, ਕੁਮੁਦ ਮਿਸ਼ਰਾ, ਅੰਜਨ ਸ਼੍ਰੀਵਾਸਤਵ ਅਤੇ ਏਡਵਰਡ ਵੀ ਕੰਮ ਕਰ ਰਹੇ ਹਨ। ਕਪਿਲ ਫ਼ਿਲਮ ਦਾ ਨਿਰਮਾਤਾ ਵੀ ਹੈ। ਇਸ ਨੂੰ ਨਿਰਦੇਸ਼ਿਤ ਰਾਜੀਵ ਢੀਂਗਰਾ ਨੇ ਕੀਤਾ ਹੈ ਜਦਕਿ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ 24 ਨਵੰਬਰ ਨੂੰ ਸਿਨਮਾਘਰਾਂ ਦਾ ਸ਼ਿੰਗਾਰ ਬਣੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਉਸ ਦੀ ਕਾਮੇਡੀ ਨੂੰ ਹਮੇਸ਼ਾਂ ਸਲਾਹੁੰਦੇ ਨੇ, ਆਸ ਹੈ ਕਿ ‘ਫ਼ਿਰੰਗੀ’ ਨੂੰ ਵੀ ਲੋਕ ਓਨਾ ਹੀ ਪਿਆਰ ਦੇਣਗੇ।

You May Also Like

Leave a Reply

Your email address will not be published. Required fields are marked *