ਸਰਕਾਰ ਵੱਲੋਂ ਚਲਾਏ ਗਏ ਰਾਹਤ ਪ੍ਰੋਗਰਾਮਾਂ ਉੱਤੇ ਆਈ ਲਾਗਤ ਸਪਸ਼ਟ ਕਰਨ ਲਈ ਵਿਰੋਧੀ ਧਿਰਾਂ ਨੇ ਫਰੀਲੈਂਡ ਨੂੰ ਘੇਰਿਆ

ਓਟਵਾ, 6 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡੀਅਨਾਂ ਤੇ ਕਾਰੋਬਾਰਾਂ ਦੀ ਮਦਦ ਲਈ ਰਾਹਤ ਪ੍ਰੋਗਰਾਮ ਮੁਹੱਈਆ ਕਰਵਾਉਣ ਬਦਲੇ ਵੱਧਦੀ ਲਾਗਤ ਦੇ ਸਬੰਧ ਵਿੱਚ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰਾਂ ਵੱਲੋਂ ਚੁਫੇਰਿਓਂ ਸਵਾਲਾਂ ਨਾਲ ਘੇਰਿਆ ਗਿਆ|
ਹਾਊਸ ਆਫ ਕਾਮਨਜ਼ ਵਿੱਚ ਚਾਰ ਘੰਟੇ ਚੱਲੇ ਸਵਾਲ ਜਵਾਬ ਦੇ ਇਸ ਦੌਰ ਦੌਰਾਨ ਫਰੀਲੈਂਡ ਨੇ ਇਸ ਸਾਲ ਪੈਣ ਵਾਲੇ ਵਿੱਤੀ ਘਾਟੇ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਅੰਕੜੇ ਦੱਸਣ ਤੋਂ ਇਨਕਾਰ ਕਰ ਦਿੱਤਾ| ਇਹ ਕਿਆਫੇ ਲਾਏ ਜਾ ਰਹੇ ਹਨ ਕਿ ਇਸ ਸਾਲ ਫੈਡਰਲ ਘਾਟਾ ਕਾਫੀ ਜ਼ਿਆਦਾ ਰਹੇਗਾ ਤੇ ਵਿਆਜ਼ ਦਰਾਂ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ| ਫਰੀਲੈਂਡ ਨੇ ਇਹ ਜ਼ਰੂਰ ਦੱਸਿਆ ਕਿ ਇਸ ਸਾਲ ਵਿੱਤੀ ਅਪਡੇਟ ਪਹਿਲਾਂ ਨਹੀਂ ਸਗੋਂ ਸਾਲ ਦੇ ਅੰਤ ਵਿੱਚ ਆਵੇਗੀ| ਪਰ ਉਨ੍ਹਾਂ ਇਸ ਅਪਡੇਟ ਦੀ ਕੋਈ ਤਰੀਕ ਦੱਸਣ ਤੋਂ ਇਨਕਾਰ ਕਰ ਦਿੱਤਾ|
ਫਰੀਲੈਂਡ ਨਾਲ ਤਿੱਖੀ ਬਹਿਸ ਦੌਰਾਨ ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਪਿਏਰ ਪੌਲੀਐਵਰ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਫਰੀਲੈਂਡ ਨੇ ਕਿਸੇ ਦੇ ਵੀ ਸਵਾਲਾਂ ਦਾ ਸਹੀ ਢੰਗ ਨਾਲ ਜਵਾਬ ਦਿੱਤਾ ਹੋਵੇ|ਉਨ੍ਹਾਂ ਸਾਨੂੰ ਇਹ ਨਹੀਂ ਦੱਸਿਆ ਕਿ ਘਾਟਾ ਕਿੱਥੋਂ ਤੱਕ ਜਾ ਸਕਦਾ ਹੈ| ਉਨ੍ਹਾਂ ਇਹ ਨਹੀਂ ਦੱਸਿਆ ਕਿ ਬੈਂਕ ਆਫ ਕੈਨੇਡਾ ਵੱਲੋਂ ਸਰਕਾਰ ਦੇ ਕਰਜ਼ੇ ਨੂੰ ਘਟਾਉਣ ਲਈ ਕਿਸ ਹੱਦ ਤੱਕ ਮਦਦ ਕੀਤੀ ਜਾਵੇਗੀ, ਨਾ ਹੀ ਇਹ ਦੱਸਿਆ ਗਿਆ ਹੈ ਕਿ ਵਿਆਜ਼ ਦਰਾਂ ਵਧਣ ਤੋਂ ਪਹਿਲਾਂ ਕੀ ਕਰਜ਼ਾ ਮੋੜ ਦਿੱਤਾ ਜਾਵੇਗਾ| ਉਨ੍ਹਾਂ ਆਖਿਆ ਕਿ ਕੀ ਸਰਕਾਰ ਵੱਲੋਂ ਕੋਈ ਵੀ ਕੈਨੇਡੀਅਨ ਟੈਕਸਦਾਤਾਵਾਂ ਨੂੰ ਇਹ ਦੱਸ ਸਕਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਕਰਜ਼ਾ ਮੋੜਨਾ ਹੈ|
ਫਰੀਲੈਂਡ ਨੇ ਇਨ੍ਹਾਂ ਸਵਾਲਾਂ ਦਾ ਇਹੋ ਜਵਾਬ ਦਿੱਤਾ ਕਿ ਡੈਬਟ ਸਰਵਿਸਿੰਗ ਚਾਰਜਿਜ਼, ਜੋ ਕਿ ਕੁੱਲ ਘਰੇਲੂ ਉਤਪਾਦ ਦਾ ਹਿੱਸਾ ਹਨ, 100 ਸਾਲਾਂ ਵਿੱਚ ਸੱਭ ਤੋਂ ਘੱਟ ਹਨ| ਉਨ੍ਹਾਂ ਆਖਿਆ ਕਿ ਮਹਾਂਮਾਰੀ ਕਾਰਨ ਨੌਕਰੀਆਂ ਤੋਂ ਹੱਥ ਧੁਆ ਚੁੱਕੇ ਕੈਨੇਡੀਅਨਜ਼ ਵਿੱਚੋਂ 76 ਫੀ ਸਦੀ ਆਪੋ ਆਪਣੇ ਕੰਮ ਉੱਤੇ ਪਰਤ ਆਏ ਹਨ| ਪੌਲੀਐਵਰ ਨੇ ਦੋਸ਼ ਲਾਇਆ ਕਿ ਫਰੀਲੈਂਡ ਪੜਦੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਵੱਲੋਂ ਤਿਆਰ ਕੀਤੇ ਗਏ ਕਈ ਬਿਲੀਅਨ ਡਾਲਰ ਦੇ ਰਾਹਤ ਪ੍ਰੋਗਰਾਮਾਂ ਦੀ ਅਸਲ ਕੀਮਤ ਦੱਸਣ ਤੋਂ ਡਰ ਰਹੀ ਹੈ|
ਪਰ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ| ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਇਸ ਸਖ਼ਤ ਸਮੇਂ ਵਿੱਚ ਸੱਭ ਦੇ ਖਿਲਾਫ ਹਨ ਜਾਂ ਇਸ ਸੰਕਟ ਵਿੱਚ ਉਹ ਕੈਨੇਡੀਅਨਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਨ| ਇਹ ਸਾਰੇ ਸਵਾਲ ਜਵਾਬ ਸਾਰੀਆਂ ਵਿਰੋਧੀ ਧਿਰਾਂ ਦੀ ਇਸ ਰਾਇ ਉੱਤੇ ਅਧਾਰਤ ਸਨ ਕਿ ਸਰਕਾਰ ਦੇ ਤਾਜ਼ਾ ਐਮਰਜੰਸੀ ਏਡ ਬਿੱਲ ਨੂੰ ਫਾਸਟ ਟਰੈਕ ਕੀਤਾ ਜਾਵੇ| ਇਸ ਬਿੱਲ ਵਿੱਚ ਸਾਰੇ ਕਾਰੋਬਾਰਾਂ ਨੂੰ ਕਿਰਾਏ ਵਿੱਚ ਰਾਹਤ ਮਿਲੇਗੀ ਤੇ ਵੇਜ ਸਬਸਿਡੀ ਪ੍ਰੋਗਰਾਮ ਵਿੱਚ ਵਾਧਾ ਹੋਵੇਗਾ| ਬਿੱਲ ਸੀ-9 ਨਾਲ ਅਗਲੀਆਂ ਗਰਮੀਆਂ ਵਿੱਚ ਫੈਡਰਲ ਵੇਜ ਸਬਸਿਡੀ ਪ੍ਰੋਗਰਾਮ ਵਿੱਚ ਵਾਧਾ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਪ੍ਰਚਲਤ ਬਿਜ਼ਨਸ ਲੋਨ ਪ੍ਰੋਗਰਾਮ ਦਾ ਪਸਾਰ ਵੀ ਹੋਵੇਗਾ|

You May Also Like

Leave a Reply

Your email address will not be published. Required fields are marked *