ਸਾਜੋ ਸਾਮਾਨ ਦੀ ਕਿੱਲਤ ਤੋਂ ਬਾਅਦ ਫੌਜੀਆਂ ਨੂੰ ਪਿੱਠੂ ਤੇ ਸਲੀਪਿੰਗ ਬੈਗ ਵਾਪਸ ਕਰਨ ਦੇ ਹੁਕਮ ਜਾਰੀ

ਓਟਾਵਾ— ਕੈਨੇਡੀਅਨ ਆਰਮਡ ਫੋਰਸਿਜ਼ ਨੇ ਆਪਣੇ ਮੈਂਬਰਾਂ ਨੂੰ ਆਪਣੇ ਪਿੱਠੂ ਬੈਗ ਤੇ ਸਲੀਪਿੰਗ ਬੈਗ ਵਾਪਸ ਕਰਨ ਦੀ ਹੁਕਮ ਦਿੱਤਾ ਹੈ ਤਾਂ ਕਿ ਸਾਜੋ ਸਾਮਾਨ ਦੀ ਕਮੀ ਤੋਂ ਨਿਪਟਿਆ ਜਾ ਸਕੇ ਤੇ ਉਨ੍ਹਾਂ ਦੀ ਵੰਡ ਦੁਬਾਰਾ ਕੀਤੀ ਜਾ ਸਕੇ। ਕੈਨੇਡੀਅਨ ਫੋਰਸਿਜ਼ ਜਨਰਲ ਆਰਡਰ ਰਾਹੀਂ ਕਿਹਾ ਗਿਆ ਕਿ ਜਦੋਂ ਤੱਕ ਸਾਜੋ ਸਮਾਨ ਦੀ ਕਿੱਲਤ ਖ਼ਤਮ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਹੁਕਮ ਜਾਰੀ ਰਹਿਣਗੇ। ਜਿਨ੍ਹਾਂ ਪਿੱਠੂ ਬੈਗਜ਼ ਨੂੰ ਮੋੜਨ ਦੀ ਗੱਲ ਕੀਤੀ ਗਈ ਹੈ, ਉਹ 1982 ‘ਚ ਜਾਰੀ ਕੀਤੇ ਗਏ ਸਨ ਤੇ ਇਸ ਦੇ ਨਾਲ ਹੀ ਛੇ ਪੀਸ ਵਾਲਾ ਸਲੀਪਿੰਗ ਬੈਗ ਸਿਸਟਮ ਵੀ ਫੌਜੀਆਂ ਨੂੰ ਵਾਪਸ ਕਰਨਾ ਹੋਵੇਗਾ।
ਕੈਨੇਡੀਅਨ ਆਰਮਡ ਫੋਰਸਿਜ਼ ਦੇ ਬੁਲਾਰੇ ਲੈਫਟੀਨੈਂਟ ਕਰਨਲ ਆਂਦਰੇ ਈ ਸੈਲਮ ਨੇ ਕਿਹਾ ਕਿ ਪਿੱਠੂ ਬੈਗਜ਼ ਤੇ ਸਲੀਪਿੰਗ ਬੈਗਜ਼ ਦੀ ਮੁੜ ਵੰਡ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀ.ਏ.ਐਫ. ਦੇ ਕਈ ਕਰਮਚਾਰੀ ਅਜਿਹੇ ਹਨ ਜਿਹੜੇ ਹੁਣ ਹੋਰਨਾਂ ਅਹੁਦਿਆਂ ‘ਤੇ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਨੂੰ ਅਜਿਹੇ ਸਾਜੋ ਸਮਾਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਇਸ ਲਿਖਤੀ ਬਿਆਨ ‘ਚ ਕਿਹਾ ਕਿ ਇਹ ਕੋਈ ਕਿੱਲਤ ਨਹੀਂ ਮੰਨੀ ਜਾਣੀ ਚਾਹੀਦੀ ਸਗੋਂ ਇਸ ਨੂੰ ਸੀ.ਏ.ਐਫ. ਵਿਚਾਲੇ ਮੁੜ ਵੰਡ ਦਾ ਅੰਦਰੂਨੀ ਪ੍ਰਬੰਧ ਹੀ ਮੰਨਿਆ ਜਾਣਾ ਚਾਹੀਦਾ ਹੈ। ਜਿਥੇ ਇਕ ਪਾਸੇ ਹੁਕਮਾਂ ਦੇ ਜਾਰੀ ਹੋਣ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸੱਜਣ ਵੀ ਇਹ ਆਖ ਚੁੱਕੇ ਹਨ ਫੈਡਰਲ ਸਰਕਾਰ ਨੇ ਨਵੇਂ ਫੌਜੀ ਸਾਜ਼ੋ ਸਮਾਨ ‘ਤੇ 2.3 ਬਿਲੀਅਨ ਡਾਲਰ ਖਰਚ ਕੀਤੇ ਸਨ ਉਥੇ ਕੰਜ਼ਰਵੇਟਿਵ ਐਮ.ਪੀ. ਤੇ ਡਿਫੈਂਸ ਕ੍ਰਿਟਿਕ ਜੇਮਜ਼ ਬੇਜ਼ਨ ਨੇ ਕਿਹਾ ਕਿ ਹਾਲਾਤ ਹੁਣ ਐਨੇ ਖਰਾਬ ਹੋ ਚੁੱਕੇ ਹਨ ਕਿ ਸਰਕਾਰ ਫੌਜ ਨੂੰ ਲੋੜੀਂਦੀਆਂ ਕਿੱਟਾਂ ਵੀ ਮੁਹੱਈਆ ਨਹੀਂ ਕਰਵਾ ਸਕਦੀ।

You May Also Like

Leave a Reply

Your email address will not be published. Required fields are marked *