ਸਾਲ ਬਾਅਦ ਵੀ ਵਿਪਾਸਨਾ ਤੇ ਆਦਿੱਤਿਆ ਇੰਸਾਂ ਹਰਿਆਣਾ ਪੁਲੀਸ ਦੀ ਪਹੁੰਚ ਤੋਂ ਦੂਰ

ਚੰਡੀਗੜ੍ਹ: ਡੇਰਾ ਸਿਰਸਾ ਦੀ ਪ੍ਰਧਾਨ ਵਿਪਾਸਨਾ ਇੰਸਾਂ ਅਜੇ ਵੀ ਹਰਿਆਣਾ ਪੁਲੀਸ ਦੇ ਹੱਥ ਨਹੀਂ ਆ ਸਕੀ, ਪਰ ਐਨਫੋਸਮੈਂਟ ਡਾਇਰੈਕਟੋਰੇਟ (ਈਡੀ) ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕਾ ਹੈ। ਪਿਛਲੇ ਸਾਲ ਅੱਜ ਦੇ ਹੀ ਦਿਨ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੋਈ ਹਿੰਸਾ ਤੋਂ ਬਾਅਦ ਈਡੀ ਵੱਲੋਂ ਦੋ ਵਾਰ ਵਿਪਾਸਨਾ ਤੋਂ ਪੁੱਛਗਿੱਛ ਕੀਤੀ ਗਈ ਹੈ। ਵਿਪਾਸਨਾ ਇੰਸਾਂ ਤੇ ਗੁਰਮੀਤ ਦੇ ਬੁਲਾਰੇ ਆਦਿੱਤਿਆ ਇੰਸਾਂ ਦੇ ਨਾਮ ਪੰਚਕੂਲਾ ਤੇ ਸਿਰਸਾ ’ਚ ਹੋਈਆਂ ਹਿੰਸਕ ਘਟਨਾਵਾਂ ਲਈ ਲੋੜੀਂਦੇ ਵਿਅਕਤੀਆਂ ਦੀ ਸੂਚੀ ’ਚ ਸ਼ਾਮਲ ਹਨ। ਇਨ੍ਹਾਂ ਹਿੰਸਕ ਘਟਨਾਵਾਂ ’ਚ 40 ਤੋਂ ਵੱਧ ਲੋਕ ਮਾਰੇ ਗਏ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਅਗਸਤ ਨੂੰ ਆਪਣੇ ਦੋ ਪੈਰੋਕਾਰਾਂ ਨਾਲ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗੁਰਮੀਤ ਸਿੰਘ ਜੇਲ੍ਹ ਵਿੱਚ ਬੰਦ ਹੈ। ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਦੇ ਪੈਰੋਕਾਰਾਂ ਨੇ ਪੰਚਕੂਲਾ ਤੇ ਸਿਰਸਾ ’ਚ ਵੱਡੇ ਪੱਧਰ ’ਤੇ ਹਿੰਸਾ ਫੈਲਾਈ ਤੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਕਰ ਦਿੱਤਾ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇੱਥੇ ਕਿਹਾ, ‘ਸਾਡੀ ਟੀਮ ਵਿਪਾਸਨਾ ਇੰਸਾਂ ਤੇ ਆਦਿੱਤਿਆ ਇੰਸਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ ਈਡੀ ਨੇ ਅੱਠ ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਇਸ ਦੌਰਾਨ ਵਿਪਾਸਨਾ ਇੰਸਾਂ ਤੋਂ ਦੋ ਵਾਰ ਪੁੱਛਗਿੱਛ ਕੀਤੀ ਗਈ ਹੈ। ਏਜੰਸੀ ਡੇਰੇ ਦੀ ਵਿੱਤੀ ਜਾਇਦਾਦ ਤੇ ਵਿੱਤੀ ਗਤੀਵਿਧੀਆਂ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਵਿਪਾਸਨਾ ਇਸ ਸਾਲ ਫਰਵਰੀ ’ਚ ਮਾਮਲੇ ’ਚ ਆਪਣੇ ਨਾਂ ਜੁੜਨ ਤੋਂ ਪਹਿਲਾਂ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਸਾਹਮਣੇ ਪੇਸ਼ ਹੋਈ ਸੀ। ਇਸ ਤੋਂ ਬਾਅਦ ਉਹ ਪੁਲੀਸ ਦੇ ਹੱਥ ਨਹੀਂ ਲੱਗੀ। ਪੁਲੀਸ ਨੇ ਆਦਿੱਤਿਆ ਇੰਸਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। -ਪੀਟੀਆਈ

You May Also Like

Leave a Reply

Your email address will not be published. Required fields are marked *