ਸਿਆਸਤਦਾਨਾਂ ਤੇ ਅਫ਼ਸਰਾਂ ਵੱਲੋਂ ਜ਼ਮੀਨਾਂ ਦੱਬਣ ਦਾ ਮਾਮਲਾ ਮੁੜ ਭਖਿਆ

ਚੰਡੀਗੜ੍ਹ: ਪੰਜਾਬ ’ਚ ਰਸੂਖ਼ਵਾਨਾਂ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਕਬਜ਼ਿਆਂ ਦਾ ਮਾਮਲਾ ਇੱਕ ਵਾਰੀ ਫਿਰ ਉੱਭਰ ਆਇਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਕੈਬਨਿਟ ਸਬ ਕਮੇਟੀ ਨੇ ਇਨ੍ਹਾਂ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਦੀ ਅਗਵਾਈ ਹੇਠ ਇੱਕ ਕਮੇਟੀ ਕਾਇਮ ਕੀਤੀ ਹੈ। ਕਮੇਟੀ ਵਿੱਚ ਸੇਵਾ ਮੁਕਤ ਡੀਜੀਪੀ ਚੰਦਰ ਸ਼ੇਖਰ, ਸਥਾਨਕ ਸਰਕਾਰਾਂ, ਪੰਚਾਇਤਾਂ, ਮਾਲ, ਸਿੰਜਾਈ ਤੇ ਜੰਗਲਾਤ ਵਿਭਾਗਾਂ ਦੇ ਨੁਮਾਇੰਦਿਆਂ ਸਮੇਤ ਸਮੂਹ ਨਗਰ ਨਿਗਮਾਂ ਦੇ ਮੇਅਰ ਵੀ ਸ਼ਾਮਲ ਕੀਤੇ ਹਨ। ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀ ਚੰਦਰ ਸ਼ੇਖਰ ਨੇ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਸਰਕਾਰੀ ਵਿਭਾਗਾਂ ਦੀ 5 ਤੋਂ 6 ਲੱਖ ਏਕੜ  ਜ਼ਮੀਨ ਉਤੇ ਸਿਆਸਤਦਾਨਾਂ ਅਤੇ ਆਈਏਐਸ-ਆਈਪੀਐਸ ਅਫ਼ਸਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਹੀ 2585 ਏਕੜ ਵਿੱਚੋਂ 2435 ਏਕੜ ਜ਼ਮੀਨ ਉਪਰ ਕਬਜ਼ੇ ਹਨ। ਮੀਟਿੰਗ ਵਿੱਚ ਸ੍ਰੀ ਸਿੱਧੂ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਅਧਿਕਾਰੀ ਹਾਜ਼ਰ ਸਨ। ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਅੰਦਰ ਹੀ ਨਾਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਦੀ ਕੁੱਲ ਕੀਮਤ 2 ਲੱਖ ਕਰੋੜ ਰੁਪਏ ਤੋਂ ਵੱਧ ਹੈ ਤੇ ਪੰਜਾਬ ਸਿਰ ਏਨਾ ਹੀ ਕਰਜ਼ਾ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੂਰ ਪੰਜਾਬ ਦੀ ਨਾਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਦੀ ਕਿੰਨੀ ਕੀਮਤ ਹੋਵੇਗੀ। ਸ੍ਰੀ ਚੰਦਰ ਸ਼ੇਖਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਮਾਜਰੀ ਪਿੰਡ ਵਿੱਚ 128 ਏਕੜ ਵਿੱਚੋਂ 90 ਏਕੜ, ਪੱਲ੍ਹਣਪੁਰ ਵਿੱਚ 20 ਵਿੱਚੋਂ 20 ਏਕੜ, ਕੰਸਾਲਾ ਵਿੱਚ 95 ਵਿੱਚੋਂ 95 ਏਕੜ, ਪੜੌਲ ਵਿੱਚ 318 ਵਿੱਚੋਂ 299 ਏਕੜ, ਸਿਆਲਬਾ ਵਿੱਚ 16 ਵਿੱਚੋਂ 16 ਏਕੜ, ਦੁੱਲਵਾਂ ਖੱਦਰੀ ਵਿੱਚ 945 ਵਿੱਚੋਂ 945 ਏਕੜ, ਹੁਸ਼ਿਆਰਪੁਰ ਵਿੱਚ 177 ਵਿੱਚੋਂ 177 ਏਕੜ, ਢਕੋਰਾਂ ਕਲਾਂ ਵਿੱਚ 84 ਵਿੱਚੋਂ 84 ਏਕੜ, ਢਕੋਰਾਂ ਖੁਰਦ ਵਿੱਚ 15 ਵਿੱਚੋਂ 15 ਏਕੜ, ਚੰਦਪੁਰ ਵਿੱਚ 86 ਵਿੱਚੋਂ 86 ਏਕੜ, ਮੁੱਲਾਂਪੁਰ ਗਰੀਬਦਾਸ ਵਿੱਚ 5 ਵਿੱਚੋਂ 5 ਏਕੜ, ਫਿਰੋਜ਼ਪੁਰ ਵਿੱਚ 23 ਵਿੱਚੋਂ 23 ਏਕੜ, ਨਾਡਾ ਵਿੱਚ 307 ਵਿੱਚੋਂ 307 ਏਕੜ, ਮਹਿਮੂਦਪੁਰ ਵਿੱਚ 14 ਵਿੱਚੋਂ 14 ਏਕੜ ਅਤੇ ਭਾਂਖਰਪੁਰ ਵਿੱਚ 352 ਵਿੱਚੋਂ 259 ਏਕੜ ਉਪਰ ਕਬਜ਼ਾ ਹੈ।

You May Also Like

Leave a Reply

Your email address will not be published. Required fields are marked *