ਸਿਨਹਾ ਵੱਲੋਂ ਮੋਦੀ ’ਤੇ ਸਿੱਧਾ ਹਮਲਾ

ਪ੍ਰਧਾਨ ਮੰਤਰੀ ਦੀ ਕਾਰਜ-ਸ਼ੈਲੀ ਦੀ ਆਲੋਚਨਾ

ਨਵੀਂ ਦਿੱਲੀ: ਭਾਜਪਾ ਵੱਲੋਂ ਯਸ਼ਵੰਤ ਸਿਨਹਾ ਦੀ ਕਾਟ ਲਈ ਉਨ੍ਹਾਂ ਦੇ ਪੁੱਤਰ ਜਯੰਤ ਸਿਨਹਾ (ਹਵਾਬਾਜ਼ੀ ਬਾਰੇ ਰਾਜ ਮੰਤਰੀ) ਨੂੰ ਉਤਾਰਨ ਦੀ ਰਣਨੀਤੀ ਅਪਨਾਉਣ ਦੇ ਬਾਵਜੂਦ ਸਾਬਕਾ ਵਿੱਤ ਮੰਤਰੀ (ਯਸ਼ਵੰਤ ਸਿਨਹਾ) ਨੇ ਦੇਸ਼ ਦੇ ਅਰਥਚਾਰੇ ਦੀ ਸਥਿਤੀ ਬਾਰੇ ਅੱਜ ਵੀ ਹਮਲੇ ਜਾਰੀ ਰੱਖੇ। ਇੰਨਾ ਹੀ ਨਹੀਂ ਉਨ੍ਹਾਂ ਅੱਜ ਇਸ ਲੜਾਈ ਨੂੰ ਅਗਲੇ ਪੱਧਰ ਉਤੇ ਲੈ ਕੇ ਜਾਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਿੱਧਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ‘ਪਹੁੰਚ ਤੋਂ ਦੂਰ’ ਦੱਸਿਆ।
ਭਾਰਤੀ ਅਰਥਚਾਰੇ ਦੇ ਨਾਲ ਨਾਲ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਬਾਰੇ ਯਸ਼ਵੰਤ ਸਿਨਹਾ ਵੱਲੋਂ ਜਨਤਕ ਤੌਰ ’ਤੇ ਵਿਚਾਰ ਪ੍ਰਗਟਾਉਣ ਤੋਂ ਬਾਅਦ ਸ਼ੁਰੂ ਹੋਏ ਵਿਚਾਰ ਪ੍ਰਗਟਾਵੇ ਅਤੇ ਇਸ ਦੀ ਕਾਟ ਦੀਆਂ ਕੋਸ਼ਿਸ਼ਾਂ ਨਾਲ ਭਾਜਪਾ ਨੂੰ ਵੱਡਾ ਨੁਕਸਾਨ ਪੁੱਜ ਰਿਹਾ ਹੈ। ਪਾਰਟੀ ਤੇ ਸਰਕਾਰ ਦੀ ਮੌਜੂਦਾ ਕਾਰਜਪ੍ਰਣਾਲੀ ਉਤੇ ਉਂਗਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ। ਇਸ ਲਈ ਉਨ੍ਹਾਂ ਕੋਲ ਆਪਣੇ ਵਿਚਾਰ ਅਖ਼ਬਾਰ ਰਾਹੀਂ ਰੱਖਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ।
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ‘‘ਮੇਰੇ ਕੋਲ ਆਪਣੇ ਵਿਚਾਰ ਰੱਖਣ ਲਈ ਕੋਈ ਰਾਹ ਨਹੀਂ ਬਚਿਆ ਸੀ। ਇਸ ਲਈ ਮੈਂ ਆਪਣੇ ਵਿਚਾਰ ਅਖ਼ਬਾਰ ਰਾਹੀਂ ਰੱਖੇ। ਮੈਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਸਾਲ ਪਹਿਲਾਂ ਸਮਾਂ ਮੰਗਿਆ ਸੀ। ਉਨ੍ਹਾਂ ਸਮਾਂ ਨਹੀਂ ਦਿੱਤਾ। ਕੀ ਮੈਨੂੰ ਉਨ੍ਹਾਂ ਦੇ ਘਰ ਬਾਹਰ ਧਰਨੇ ਉਤੇ ਬੈਠਣਾ ਚਾਹੀਦਾ ਹੈ? ਸਰਕਾਰ ਤੇ ਪਾਰਟੀ ਵਿੱਚ ਕੋਈ ਸਾਡੀ ਗੱਲ ਸੁਣਨ ਦਾ ਇੱਛੁਕ ਨਹੀਂ ਹੈ।’’ ਇਸ ਦੌਰਾਨ ਯਸ਼ਵੰਤ ਸਿਨਹਾ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ (ਪਾਰਟੀ ਦੀ ਮੌਜੂਦਾ ਲੀਡਰਸ਼ਿਪ ਦੇ ਆਲੋਚਕ ਵਜੋਂ ਪ੍ਰਸਿੱਧ) ਨੇ ਉਮੀਦ ਜ਼ਾਹਰ ਕੀਤੀ ਕਿ ਸਾਡੀ ਪਾਰਟੀ ਵਿੱਚ ਜਿਨ੍ਹਾਂ ਲੋਕਾਂ ਦੀ ਸੁਣੀ ਜਾਂਦੀ ਹੈ, ਉਹ ਇਸ ਗੱਲ ਉਤੇ ਕੰਨ ਧਰਨਗੇ।
ਜਯੰਤ ਸਿਨਹਾ ਵੱਲੋਂ ਆਪਣੇ ਪਿਤਾ ਦੇ ਲੇਖ ਦੇ ਜਵਾਬ ਵਿੱਚ ਅਰਥਚਾਰੇ ਬਾਰੇ ਨਤੀਜਿਆਂ ਨੂੰ ਸੀਮਤ ਤੱਥ ਦੱਸਣ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਯਸ਼ਵੰਤ ਸਿਨਹਾ ਦੇਸ਼ ਦੇ ਸਭ ਤੋਂ ਬਿਹਤਰੀਨ ਤੇ ਸਫ਼ਲ ਵਿੱਤ ਮੰਤਰੀਆਂ ਵਿੱਚੋਂ ਇਕ ਹਨ. ਉਨ੍ਹਾਂ ਭਾਰਤ ਦੇ ਆਰਥਿਕ ਹਾਲਾਤ ਬਾਰੇ ਸ਼ੀਸ਼ਾ ਦਿਖਾਇਆ ਹੈ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਸਿੱਧੀਆਂ ਮੱਥੇ ਵਿੱਚ ਵੱਜੀਆਂ ਹਨ। ਉਨ੍ਹਾਂ ਪਿਤਾ ਖ਼ਿਲਾਫ਼ ਪੁੱਤ ਨੂੰ ਉਤਾਰਨ ਨੂੰ ਹੋਛਾ ਹਥਕੰਡਾ ਦੱਸਿਆ, ਜਦੋਂ ਕਿ ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਾਪਦਾ ਹੈ ਕਿ ਪਾਰਟੀ ਤੇ ਸਰਕਾਰ ਕੋਲ ਇਨ੍ਹਾਂ ਟਿੱਪਣੀਆਂ ਦੇ ਟਾਕਰੇ ਲਈ ਕੋਈ ਚਿਹਰਾ ਨਹੀਂ ਹੈ, ਜਿਸ ਕਾਰਨ ਜਯੰਤ ਨੂੰ ਸਾਹਮਣੇ ਕੀਤਾ ਗਿਆ ਹੈ। ਇਸ ਦੇ ਜਵਾਬ ਵਿੱਚ ਯਸ਼ਵੰਤ ਸਿਨਹਾ ਨੇ ਇਹ ਸਵਾਲ ਉਠਾਇਆ ਕਿ ਉਸ (ਜਯੰਤ) ਨੂੰ ਵਿੱਤ ਮੰਤਰਾਲੇ ਵਿੱਚੋਂ ਕਿਉਂ ਹਟਾਇਆ ਗਿਆ। ਜ਼ਿਕਰਯੋਗ ਹੈ ਕਿ ਮੋਦੀ ਕੈਬਨਿਟ ਦੇ ਫੇਰਬਦਲ ਦੌਰਾਨ 2016 ਵਿੱਚ ਜਯੰਤ ਸਿਨਹਾ ਨੂੰ ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਘੱਟ ਅਹਿਮੀਅਤ ਵਾਲੇ ਹਵਾਬਾਜ਼ੀ ਮੰਤਰਾਲੇ ਵਿੱਚ ਤਬਦੀਲ ਕੀਤਾ ਗਿਆ ਸੀ। ਜਯੰਤ ਸਿਨਹਾ ਨੇ ਅੱਜ ਆਪਣੇ ਕਾਲਮ ਵਿੱਚ ਲਿਖਿਆ, ‘‘ਨਵਾਂ ਸਿਰਜਿਆ ਜਾ ਰਿਹਾ ਅਰਥਚਾਰਾ ਜ਼ਿਆਦਾ ਪਾਰਦਰਸ਼ੀ, ਲਾਗਤ ਪੱਖੋਂ ਆਲਮੀ ਪੱਧਰ ਉਤੇ ਮੁਕਾਬਲੇਯੋਗ ਅਤੇ ਨਵੀਆਂ ਖੋਜਾਂ ਨੂੰ ਉਤਸ਼ਾਹਤ ਕਰੇਗਾ।’’

ਮਨੀਸ਼ ਤਿਵਾੜੀ ਦੀ ਪੁਸਤਕ ਰਿਲੀਜ਼ ਕਰਨਗੇ ਯਸ਼ਵੰਤ ਸਿਨਹਾ

ਅਰਥਚਾਰੇ ਦੇ ਹਾਲਾਤ ਬਾਰੇ ਆਪਣੀਆਂ ਟਿੱਪਣੀਆਂ ਨਾਲ ਸਿਆਸੀ ਚਰਚਾ ਨੂੰ ਤੜਕਾ ਲਾਉਣ ਮਗਰੋਂ ਸੀਨੀਅਰ ਭਾਜਪਾ ਆਗੂ ਯਸ਼ਵੰਤ ਸਿਨਹਾ ਕਾਂਗਰਸੀ ਆਗੂ ਮਨੀਸ਼ ਤਿਵਾੜੀ ਵੱਲੋਂ ਲਿਖੀ ਪੁਸਤਕ ਦੇ ਰਿਲੀਜ਼ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲਿਖੀ ਇਹ ਪੁਸਤਕ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਰੌਚਕ ਗੱਲ ਇਹ ਹੈ ਕਿ ਪੁਸਤਕ ਦਾ ਸਿਰਲੇਖ ਵੀ ‘ਟਾਈਡਿੰਗਜ਼ ਆਫ ਟ੍ਰਬਲਡ ਟਾਈਮਜ਼’ (ਮੁਸ਼ਕਲ ਸਮੇਂ ਦੀਆਂ ਛੱਲਾਂ) ਹੈ।

jaitleyਸਿਨਹਾ ਆਪਣਾ ਰਿਕਾਰਡ ਭੁੱਲੇ: ਜੇਤਲੀ

ਨਵੀਂ ਦਿੱਲੀ: ਯਸ਼ਵੰਤ ਸਿਨਹਾ ਦੀ ਆਲੋਚਨਾ ਬਾਰੇ ਖ਼ਾਮੋਸ਼ੀ ਤੋੜਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨ੍ਹਾਂ ਨੂੰ 80 ਸਾਲ ਦੀ ਉਮਰ ਵਿੱਚ ਨੌਕਰੀ ਭਾਲਣ ਵਾਲਾ ਦੱਸਿਆ, ਜਿਹੜਾ ਵਿੱਤ ਮੰਤਰੀ ਵਜੋਂ ਆਪਣਾ ਰਿਕਾਰਡ ਭੁੱਲ ਗਿਆ ਹੈ ਅਤੇ ਨੀਤੀਆਂ ਦੀ ਥਾਂ ਵਿਅਕਤੀਗਤ ਟਿੱਪਣੀਆਂ ਕਰ ਰਿਹਾ ਹੈ।
ਅਰੁਣ ਜੇਤਲੀ ਨੇ ਸਿਨਹਾ ਉਤੇ ਦੋਸ਼ ਲਾਇਆ ਕਿ ਉਹ ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪਿੱਛੇ ਲੱਗ ਕੇ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ, ਜਦੋਂ ਕਿ ਉਹ ਇਕ ਦੂਜੇ ਖ਼ਿਲਾਫ਼ ਵਰਤੇ ਸਖ਼ਤ ਸ਼ਬਦਾਂ ਨੂੰ ਭੁੱਲ ਗਏ ਹਨ। ਇੱਥੇ ਇਕ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਸਿਨਹਾ ਦਾ ਨਾਮ ਲੈਣ ਤੋਂ ਸੰਕੋਚ ਕਰਦਿਆਂ ਜੇਤਲੀ ਨੇ ਤਨਜ਼ ਕਸਿਆ ਕਿ ਨਾ ਤਾਂ ਉਨ੍ਹਾਂ ਨੂੰ ਸਾਬਕਾ ਵਿੱਤ ਮੰਤਰੀ ਬਣਨ ਅਤੇ ਨਾ ਹੀ ਸਾਬਕਾ ਵਿੱਤ ਮੰਤਰੀ ਵਜੋਂ ਕਾਲਮਨਵੀਸ ਬਣਨ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਸਿਨਹਾ ਤੇ ਚਿਦੰਬਰਮ ਬਾਰੇ ਸਨ।
ਸ੍ਰੀ ਜੇਤਲੀ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਵਜੋਂ ‘‘ਮੈਂ ਆਪਣੀ ਸਹੂਲਤ ਮੁਤਾਬਕ ਯੂਪੀਏ 2 ਦੇ ਕਾਰਜਕਾਲ ਦੀ ਨੀਤੀਗਤ ਖੜੋਤ ਨੂੰ ਭੁੱਲ ਸਕਦਾ ਹਾਂ। ਮੈਂ ਆਪਣੀ ਸਹੂਲੀਅਤ ਅਨੁਸਾਰ 1998 ਤੇ 2002 (ਸਿਨਹਾ ਦੇ ਵਿੱਤ ਮੰਤਰੀ ਵਜੋਂ ਕਾਰਜਕਾਲ) ਦੇ 15 ਫੀਸਦੀ ਡੁੱਬੇ ਕਰਜ਼ਿਆਂ ਨੂੰ ਭੁੱਲ ਸਕਦਾ ਹਾਂ। ਮੈਂ ਆਪਣੀ ਸੁਵਿਧਾ ਅਨੁਸਾਰ ਇਹ ਗੱਲ ਵੀ ਭੁੱਲ ਸਕਦਾ ਹਾਂ ਕਿ 1991 ਵਿੱਚ ਦੇਸ਼ ਕੋਲ ਸਿਰਫ਼ 4 ਅਰਬ ਅਮਰੀਕੀ ਡਾਲਰਾਂ ਦਾ ਭੰਡਾਰ ਬਚਿਆ ਸੀ।’’ ਇੱਥੇ ਪੁਸਤਕ ‘ਇੰਡੀਆ ਐਟ70 ਮੋਦੀ ਐਟ 3.5’ ਰਿਲੀਜ਼ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਇਸ ਪੁਸਤਕ ਦਾ ਢੁਕਵਾਂ ਸਿਰਲੇਖ ਇਹ ਹੋਵੇਗਾ ‘‘ਇੰਡੀਆ ਐਟ70, ਮੋਦੀ ਐਟ 3.5 ਅਤੇ ਜੌਬ ਐਪਲੀਕੈਂਟ ਐਟ 80।’’ ਵਿੱਤ ਮੰਤਰੀ ਨੇ ਚੇਤਾ ਕੀਤਾ ਕਿ 1999 ਵਿੱਚ ਉਨ੍ਹਾਂ ਨੂੰ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੇ ਬੋਫੋਰਜ਼ ਮੁੱਦੇ ਉਤੇ  ਸੰਸਦ ਵਿੱਚ ਬੋਲਦਿਆਂ ਨਿੱਜੀ ਟਿੱਪਣੀਆਂ ਨਾ ਕਰਨ ਦੀ ਸਲਾਹ ਦਿੱਤੀ ਸੀ।
-ਪੀਟੀਆਈ

You May Also Like

Leave a Reply

Your email address will not be published. Required fields are marked *