ਸੁਸ਼ਮਾ ਸਵਰਾਜ ਨੇ ਕਿਹਾ: ਅੱਤਵਾਦ ਨੂੰ ਫੰਡਿੰਗ ਤੇ ਪਨਾਹ ਦੇਣੀ ਬੰਦ ਹੋਣੀ ਚਾਹੀਦੀ ਹੈ

ਆਬੂਧਾਬੀ- ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਅੱਤਵਾਦ ਧਰਮ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਤੋਂ ਪੈਦਾ ਹੁੰਦਾ ਹੈ, ਜਿਹੜਾ ਸਭ ਲਈ ਖਤਰਨਾਕ ਹੈ।
ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ (ਓ ਆਈ ਸੀ) ਦੀ ਬੈਠਕ ‘ਚ ਪਹਿਲੀ ਵਾਰ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਕਿਸੇ ਧਰਮ ਦੇ ਵਿਰੁੱਧ ਨਹੀਂ ਹੈ। ਇਹ ਭਿਆਨਕ ਬੀਮਾਰੀ ਭੁਲੇਖਾ ਪਾਊ ਸ਼ਰਧਾ ਦੇ ਕਾਰਨ ਵਧਦੀ ਫੁੱਲਦੀ ਹੈ। ਸੁਸ਼ਮਾ ਸਵਰਾਜ ਨੇ ਆਪਣੇ ਭਾਸ਼ਣ ਵਿੱਚ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਜਿਸ ਤਰ੍ਹਾਂ ਇਸਲਾਮ ਦਾ ਮਤਲਬ ਅਮਨ ਹੈ ਅਤੇ ਅੱਲ੍ਹਾ ਦੇ 99 ਨਾਵਾਂ ਵਿੱਚੋਂ ਕਿਸੇ ਦਾ ਮਤਲਬ ਹਿੰਸਾ ਨਹੀਂ ਹੈ, ਇਸੇ ਤਰ੍ਹਾਂ ਦੁਨੀਆ ਦੇ ਸਭ ਧਰਮ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਸੁਸ਼ਮਾ ਨੇ ਕਿਹਾ ਕਿ ਅੱਤਵਾਦ ਅਤੇ ਕੱਟੜਪੰਥ ਦੇ ਨਾਂ ਵੱਖ-ਵੱਖ ਹਨ। ਉਹ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੰਦੇ ਹਨ, ਪਰ ਆਪਣੇ ਇਰਾਦੇ ਸਿਰੇ ਚਾੜ੍ਹਨ ਲਈ ਉਹ ਧਰਮ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਅੱਤਵਾਦ ਵਿਰੁੱਧ ਤਿੱਖੇ ਸ਼ਬਦਾਂ ‘ਚ ਸੁਸ਼ਮਾ ਨੇ ਕਿਹਾ ਕਿ ਓ ਆਈ ਸੀ ਸਮੇਤ ਸਮੁੱਚੀ ਦੁਨੀਆ ਨੂੰ ਅੱਤਵਾਦੀਆਂ ਦੇ ਟਿਕਾਣੇ ਖਤਮ ਕਰਨ ਅਤੇ ਉਨ੍ਹਾਂ ਨੂੰ ਸਰਪ੍ਰਸਤੀ ਅਤੇ ਫੰਡ ਦੇਣ ਤੇ ਰੋਕ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸਨਮਾਨਿਤ ਮਹਿਮਾਨ ਵਜੋਂ ਭਾਰਤ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਅਸੀਂ ਮਨੁੱਖਤਾ ਦੀ ਰਾਖੀ ਕਰਨੀ ਚਾਹੁੰਦੇ ਹਾਂ ਤਾਂ ਅੱਤਵਾਦੀਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ਾਂ ਨੂੰ ਕਹਿਣਾ ਹੋਵੇਗਾ ਕਿ ਉਹ ਆਪਣੀਆਂ ਹਰਕਤਾਂ ਨੂੰ ਬੰਦ ਕਰਨ। ਅੱਤਵਾਦ ਹਰ ਪਾਸੇ ਅਸਥਿਰਤਾ ਲਿਆ ਰਿਹਾ ਹੈ। ਦੁਨੀਆ ਨੂੰ ਖਤਰਾ ਹੋ ਰਿਹਾ ਹੈ। ਭਾਰਤ ਵੀ ਅੱਤਵਾਦ ਨਾਲ ਜੂਝ ਰਿਹਾ ਹੈ। 57 ਇਸਲਾਮਿਕ ਦੇਸ਼ਾਂ ਦੇ ਗਰੁੱਪ ਨੂੰ ਸੰਬੋਧਨ ਕਰਦਿਆਂ ਸੁਸ਼ਮਾ ਨੇ ਆਪਣੇ 17 ਮਿੰਟ ਦੇ ਭਾਸ਼ਣ ‘ਚ ਕਿਹਾ ਕਿ ਮੈਂ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਢੇ 18 ਕਰੋੜ ਮੁਸਲਿਮ ਭਰਾਵਾਂ ਭੈਣਾਂ ਸਮੇਤ 1.3 ਅਰਬ ਭਾਰਤੀ ਲੋਕਾਂ ਦਾ ਸਲਾਮ ਲੈ ਕੇ ਆਈ ਹਾਂ।
ਇਸ ਮੌਕੇ ਸੁਸ਼ਮਾ ਸਵਰਾਜ ਨੂੰ ਸੱਦੇ ਜਾਣ ਕਾਰਨ ਪਾਕਿਸਤਾਨ ਨੇ ਇਸ ਸੰਮੇਲਨ ਦਾ ਬਾਈਕਾਟ ਕੀਤਾ ਅਤੇ ਇਸ ਵਿੱਚ ਹਿੱਸਾ ਨਹੀਂ ਲਿਆ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਕਿਉਂਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਭੇਜਿਆ ਸੱਦਾ ਰੱਦ ਨਹੀਂ ਹੋਇਆ, ਇਸ ਲਈ ਉਨ੍ਹਾਂ ਨੇ ਸੰਮੇਲਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ‘ਤੇ ਹਮਲੇ ਪਿੱਛੋਂ ਉਸ ਦੇਸ਼ ਨੇ ਯਤਨ ਕੀਤਾ ਸੀ ਕਿ ਭਾਰਤ ਦਾ ਸੱਦਾ ਰੱਦ ਹੋ ਜਾਏ, ਪਰ ਯੂ ਏ ਈ ਦੇ ਵਿਦੇਸ਼ ਮੰਤਰੀ ਐਚ ਐਚ ਸ਼ੇਖ ਅਬਦੁੱਲਾ ਨੇ ਸੱਦਾ ਰੱਦ ਨਹੀਂ ਕੀਤਾ। ਵਰਨਣ ਯੋਗ ਹੈ ਕਿ ਓ ਆਈ ਸੀ ਨੇ 50 ਸਾਲ ਪਹਿਲਾਂ 1969 ਵਿੱਚ ਪਾਕਿਸਤਾਨ ਦੇ ਕਹਿਣ ‘ਤੇ ਮੋਰਾਕੋ ਸੰਮੇਲਨ ਲਈ ਭਾਰਤ ਦਾ ਸੱਦਾ ਰੱਦ ਕਰ ਦਿੱਤਾ ਸੀ, ਪਰ ਇਸ ਵਾਰੀ ਇਹੋ ਜਿਹੀ ਗੱਲ ਨਹੀਂ ਹੋ ਸਕੀ।

You May Also Like

Leave a Reply

Your email address will not be published. Required fields are marked *