ਹਰ ਮੁਸ਼ਕਲ ਨੂੰ ਜਿੱਤਣਾ ਆਉਂਦਾ ਹੈ : ਲਾਰਾ ਦੱਤਾ

ਫਿਲਮਾਂ ਦੇ ਬਾਅਦ ਅੱਜਕੱਲ੍ਹ ਲਾਰਾ ਦੱਤਾ ਨੇ ਡਿਜੀਟਲ ਪਲੇਟਫਾਰਮ ‘ਤੇ ਕਦਮ ਰੱਖ ਦਿੱਤਾ ਹੈ। ਉਨ੍ਹਾਂ ਦੀ ਵੈਬ ਸੀਰੀਜ਼ ‘ਹੰਡ੍ਰੇਡ’ ਹੌਟਸਟਾਰ ‘ਤੇ ਸਟ੍ਰੀਮਿੰਗ ਲਈ ਮੌਜੂਦ ਹੈ। ਇਸ ਵਿੱਚ ਪੁਲਸ ਅਫਸਰ ਦੇ ਕਿਰਦਾਰ, ਬਤੌਰ ਨਿਰਮਾਤਾ ਮਿਲ ਰਹੇ ਅਨੁਭਵਾਂ, ਲਾਕਡਾਊਨ ਵਿੱਚ ਪਤੀ ਮਹੇਸ਼ ਭੂਪਤੀ ਅਤੇ ਬੇਟੀ ਨਾਲ ਬੀਤ ਰਹੇ ਕੁਆਲਿਟੀ ਟਾਈਮ ਬਾਰੇ ਲਾਰਾ ਨਾਲ ਗੱਲਬਾਤ ਹੋਈ ਹੈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਡਿਜੀਟਲ ‘ਤੇ ਉਤਰਨ ਦਾ ਖਿਆਲ ਕਿਵੇਂ ਆਇਆ?
– ਅਜਿਹਾ ਨਹੀਂ ਸੀ ਕਿ ਮੈਂ ਡਿਜੀਟਲ ਡੈਬਿਊ ਲਈ ਕਿਸੇ ਸਕ੍ਰਿਪਟ ਦੀ ਭਾਲ ਵਿੱਚ ਸੀ। ਇਹ ਸਕ੍ਰਿਪਟ ਅਚਾਨਕ ਮੇਰੇ ਕੋਲ ਆਈ। ਮੈਨੂੰ ਇਸ ਵੈਬ ਸ਼ੋਅ ਨੂੰ ਕਰਨ ਦਾ ਖਿਆਲ ਚੰਗਾ ਲੱਗਾ, ਕਿਉਂਕਿ ਬੜੇ ਸਮੇਂ ਤੋਂ ਕਿਸੇ ਮਹਿਲਾ ਨਿਰਦੇਸ਼ਕ ਦੇ ਨਿਰਦੇਸ਼ਨ ਵਿੱਚ ਕੰਮ ਕਰਨ ਬਾਰੇ ਸੋਚ ਰਹੀ ਸੀ। ਸ਼ੋਅ ਦੀ ਡਾਇਰੈਕਟਰ ਰੁਚੀ ਨਾਰਾਇਣ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਹਾਂ। ਇਹ ਮਜਬੂਤ ਕਿਰਦਾਰ ਸੀ। ਕਾਫੀ ਸਮੇਂ ਤੋਂ ਪੁਲਸ ਅਫਸਰ ਦਾ ਕਿਰਦਾਰ ਕਰਨ ਦੀ ਵੀ ਇੱਛਾ ਸੀ।
* ਪੁਲਸ ਅਫਸਰ ਦੇ ਕਿਰਦਾਰ ਪ੍ਰਤੀ ਆਕਰਸ਼ਣ ਦੀ ਕੋਈ ਖਾਸ ਵਜ੍ਹਾ ਸੀ?
-ਮੇਰੇ ਪਿਤਾ ਤੇ ਭੈਣ ਏਅਰਫੋਰਸ ਵਿੱਚ ਰਹਿ ਚੁੱਕੇ ਹਨ। ਪਿਤਾ ਨੇ ਤਿੰਨ ਯੁੱਧ ਲੜੇ ਹਨ। ਭੈਣ ਕਾਰਗਿਲ ਯੁੱਧ ਵੇਲੇ ਸੇਵਾਵਾਂ ਦੇ ਚੁੱਕੀ ਹੈ। ਸੇਵਾ ਭਾਵ ਅਤੇ ਅਨੁਸ਼ਾਸਨ ਵਿੱਚ ਰਹਿਣਾ ਪਰਵਰਿਸ਼ ਤੇ ਜੀਵਨ ਦਾ ਹਿੱਸਾ ਹੈ। ਪੁਲਸ ਦੀ ਵਰਦੀ ਪਹਿਨਣਾ ਵੀ ਜ਼ਿੰਮੇਵਾਰੀ ਦਾ ਕੰਮ ਸੀ। ਕਿਰਦਾਰ ਦੀ ਤਿਆਰੀ ਵੇਲੇ ਕਈ ਅਸਲ ਮਹਿਲਾ ਪੁਲਸ ਅਫਸਰਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਮਾਂ ਵਿੱਚ ਡਿਜ਼ਾਈਨਰ ਲੋ-ਵੇਸਟ ਵਾਲੀ ਪੈਂਟਸ ਵਿੱਚ ਉਨ੍ਹਾਂ ਦਾ ਕਿਰਦਾਰ ਦਿਖਾਇਆ ਜਾਂਦਾ ਹੈ। ਇਸ ਲਈ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਸੋਚਣਾ ਸੀ। ਮੇਰਾ ਕਿਰਦਾਰ ਕਿਸੇ ਪੁਲਸ ਅਫਸਰ ਤੋਂ ਪ੍ਰੇਰਿਤ ਨਹੀਂ ਹੈ।
* ਤੁਸੀਂ ਕਦੇ ਏਅਰਫੋਰਸ ਜੁਆਇਨ ਕਰਨ ਬਾਰੇ ਨਹੀਂ ਸੋਚਿਆ?
– ਮੈਂ ਸਕੂਲ ਵਿੱਚ ਸੀ, ਤਦ ਮੇਰੀ ਭੈਣ ਦੀ ਪਾਇਲਟ ਟਰੇਨਿੰਗ ਹੋ ਚੁੱਕੀ ਸੀ। ਮੈਂ ਘੱਟ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। 15 ਸਾਲ ਦੀ ਉਮਰ ਵਿੱਚ ਪਹਿਲਾ ਕੈਂਪੇਨ ਕੀਤਾ ਸੀ। ਮਾਡਲਿੰਗ ਵਿੱਚ ਆਉਣਾ ਵੀ ਮਹਿਜ਼ ਇਤਫਾਕ ਸੀ।
* ਤੁਹਾਡੇ ਲਈ ਇੰਡਸਟਰੀ ਵਿੱਚ ਕਿਸ ਤਰ੍ਹਾਂ ਦਾ ਸੰਘਰਸ਼ ਰਿਹਾ ਹੈ?
– ਜਦ ਸਾਲ 2011 ਵਿੱਚ ਮੈਂ ‘ਚਲੋ ਦਿੱਲੀ’ ਫਿਲਮ ਦਾ ਨਿਰਮਾਣ ਕੀਤਾ ਸੀ, ਤਦ ਕੋਈ ਦੂਸਰੀ ਅਭਿਨੇਤਰੀ ਨਿਰਮਾਤਾ ਨਹੀਂ ਸੀ। ਅੱਜ ਅਨੁਸ਼ਕਾ ਸ਼ਰਮਾ, ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੁਕੋਣ ਨਿਰਮਾਤਾ ਬਣ ਗਈਆਂ ਹਨ। ਮੈਨੂੰ ਐਕਟਿੰਗ ਦੇ ਇਲਾਵਾ ਵੀ ਬਹੁਤ ਕੁਝ ਕਰਨਾ ਹੈ। ਸੰਘਰਸ਼ ਅੱਜ ਵੀ ਹੈ। ਔਰਤਾਂ ਨਾਲ ਲੋਕ ਰਚਨਾਤਮਕ ਗੱਲਾਂ ‘ਤੇ ਟੱਕਰ ਨਹੀਂ ਲੈਂਦੇ, ਪਰ ਜਿੱਥੇ ਬਿਜ਼ਨਸ ਦੀ ਗੱਲ ਹੋਵੇ, ਉਥੇ ਮਰਦਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵੱਧ ਪਤਾ ਹੈ। ਉਹ ਭੁੱਲ ਜਾਂਦੇ ਹਨ ਕਿ ਅਸੀਂ ਬਿਨਾਂ ਕਿਸੇ ਹੋਮਵਰਕ ਦੇ ਨਿਰਮਾਤਾ ਨਹੀਂ ਬਣੇ ਹਾਂ। ਮੈਂ ਖੁਦ ਨੂੰ ਸ਼ਾਂਤ ਰੱਖ ਕੇ ਸਰਵ ਸ੍ਰੇਸ਼ਟ ਦੇਣਾ ਚਾਹੁੰਦੀ ਹਾਂ। ਔਰਤਾਂ ਬਹੁਤ ਮਜ਼ਬੂਤ ਤੇ ਸਮਾਰਟ ਹੁੰਦੀਆਂ ਹਾਂ। ਸਾਨੂੰ ਹਰ ਹਾਲਾਤ ਵਿੱਚ ਰਹਿਣਾ ਤੇ ਬਿਹਤਰ ਪ੍ਰਫਾਰਮ ਕਰਨਾ ਆਉਂਦਾ ਹੈ।
* ਤੁਸੀਂ ਮਨੋਰੰਜਨ ਜਗਤ ਤੋਂ ਹੋ। ਤੁਹਾਡੇ ਪਤੀ ਮਹੇਸ਼ ਭੂਪਤੀ ਖੇਡ ਜਗਤ ਤੋਂ ਹਨ। ਲਾਕਡਾਊਨ ਵਿੱਚ ਘਰ ਕਿਵੇਂ ਸਮਾਂ ਬਿਤਾ ਰਹੇ ਹੋ? ਬੇਟੀ ਅੱਜਕੱਲ੍ਹ ਕੀ ਸਿਖਾ ਰਹੀ ਹੈ?
– ਮਹੇਸ਼ ਨੂੰ ਫਿਲਮਾਂ ਦੇਖਣ ਦਾ ਸ਼ੌਕ ਮੇਰੇ ਤੋਂ ਵੱਧ ਹੈ। ਅਸੀਂ ਘਰ ਆਪਣੇ ਕਰੀਅਰ ਬਾਰੇ ਗੱਲਾਂ ਨਹੀਂ ਕਰਦੇ। ਘਰ ਗੱਲਾਂ ਕਰਨ ਲਈ ਬਹੁਤ ਸਾਰੇ ਨਵੇਂ ਵਿਸ਼ੇ ਹੁੰਦੇ ਹਨ। ਮੇਰੀ ਬੇਟੀ ਅੱਠ ਸਾਲ ਦੀ ਹੈ, ਪਰ ਬਹੁਤ ਵਧੀਆ ਬੇਕਰ ਹੈ। ਕੇਕ ਤੋਂ ਲੈ ਕੇ ਬਰਾਉਨੀ ਤੱਕ ਸਭ ਬਣਾ ਲੈਂਦੀ ਹੈ। ਉਸ ਤੋਂ ਬੇਕਿੰਗ ਸਿੱਖ ਰਹੀ ਹਾਂ।
* ਕਿਸੇ ਫਿਲਮ ਪ੍ਰੋਜੈਕਟ ‘ਤੇ ਵੀ ਕੰਮ ਚੱਲ ਰਿਹਾ ਹੈ?
– ਹਾਂ ਕਈ ਪ੍ਰੋਜੈਕਟ ਹਨ, ਪਰ ਇਸ ਸਮੇਂ ਪਹਿਲ ਮੇਰੀ ਬੇਟੀ ਹੈ। ਮਾਤਾ ਪਿਤਾ ਵਿੱਚੋਂ ਕਿਸੇ ਇੱਕ ਨੂੰ ਉਸ ਕੋਲ ਰਹਿਣਾ ਜ਼ਰੂਰੀ ਹੈ। ਮਹੇਸ਼ ਦਾ ਬਿਜ਼ਨਸ ਹੈ। ਮੈਂ ਜਦ ‘ਹੰਡ੍ਰੇਡ’ ਸ਼ੋਅ ਲਈ ਚਾਰ ਮਹੀਨੇ ਤੱਕ ਸ਼ੂਟ ਕਰ ਰਹੀ ਸੀ, ਤਦ ਮਹੇਸ਼ ਨੇ ਬੇਟੀ ਨੂੰ ਪੂਰਾ ਸਮਾਂ ਦਿੱਤਾ ਸੀ। ਜਦ ਉਹ ਕੰਮ ਵਿੱਚ ਬਿਜ਼ੀ ਹੁੰਦੇ ਹਨ ਤਾਂ ਮੈਂ ਬੇਟੀ ਨੂੰ ਪੂਰਾ ਸਮਾਂ ਦਿੰਦੀ ਹਾਂ।

You May Also Like

Leave a Reply

Your email address will not be published. Required fields are marked *