ਹਾਈ ਕੋਰਟ ਨੇ ਪਾਕਿਸਤਾਨੀ ਔਰਤ ਨੂੰ ਦੋ ਹਫਤਿਆਂ ਵਿੱਚ ਭਾਰਤ ਛੱਡਣ ਨੂੰ ਕਹਿ ਦਿੱਤਾ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕੱਲ੍ਹ ਇੱਕ ਪਾਕਿਸਤਾਨੀ ਔਰਤ ਨੂੰ ਦੋ ਹਫਤੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ। ਅਸਲ ‘ਚ ਸੁਰੱਖਿਆ ਬਾਰੇ ਰਿਪੋਰਟ ਉਸ ਦੇ ਵਿਰੁੱਧ ਹੈ। ਜਸਟਿਸ ਵਿਭੂ ਬਾਖਰੂ ਨੇ ਸਰਕਾਰ ਦਾ ‘ਭਾਰਤ ਛੱਡੋ ਨੋਟਿਸ’ ਰੱਦ ਕਰਨ ਦੀ ਮੰਗ ਬਾਰੇ ਔਰਤ ਦੀ ਅਪੀਲ ਰੱਦ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ 37 ਸਾਲ ਦੀ ਇਹ ਔਰਤ ਭਾਰਤੀ ਨਾਗਰਿਕ ਨਾਲ ਵਿਆਹ ਕਰਨ ਪਿੱਛੋਂ 2005 ‘ਚ ਭਾਰਤ ਆਈ ਸੀ। ਉਹ ਦਿੱਲੀ ਵਿੱਚ ਆਪਣੇ ਪਤੀ ਅਤੇ 11 ਅਤੇ ਪੰਜ ਸਾਲ ਦੀ ਉਮਰ ਦੇ ਦੋ ਪੁੱਤਰਾਂ ਨਾਲ ਰਹਿੰਦੀ ਹੈ। ਵਧੀਕ ਸਾਲੀਸਿਟਰ ਜਨਰਲ ਮਨਿੰਦਰ ਆਚਾਰੀਆ ਅਤੇ ਕੇਂਦਰ ਸਰਕਾਰ ਦੇ ਵਕੀਲ ਅਨੁਰਾਗ ਆਹਲੂਵਾਲੀਆ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਕੋਲ ਔਰਤ ਦੇ ਖਿਲਾਫ ਰਿਪੋਰਟ ਹੈ ਤੇ ਉਸ ਨੂੰ ਨੋਟਿਸ ਜਾਰੀ ਕੀਤੇ ਜਾਣ ‘ਚ ਕੁਝ ਵੀ ਗਲਤ ਨਹੀਂ ਹੈ। ਅਦਾਲਤ ਨੇ ਕਿਹਾ ਕਿ ਔਰਤ ਇਥੇ ਰਹਿਣ ਦੇ ਕਿਸੇ ਅਧਿਕਾਰ ਨੂੰ ਸਾਬਤ ਨਹੀਂ ਕਰ ਸਕਦੀ। ਗ੍ਰਹਿ ਮੰਤਰਾਲਾ ਵੱਲੋਂ ਭਾਰਤ ਛੱਡਣ ਦਾ ਨੋਟਿਸ ਜਾਰੀ ਕਰਨ ਉੱਤੇ ਔਰਤ ਨੇ 22 ਫਰਵਰੀ ਤੋਂ ਪਹਿਲਾਂ ਦੇਸ਼ ਛੱਡਣਾ ਸੀ, ਪਰ ਅਦਾਲਤ ਨੇ ਉਸ ਨੂੰ ਦੋ ਹੋਰ ਹਫਤਿਆਂ ਦਾ ਸਮਾਂ ਦੇ ਕੇ ਦੇਸ਼ ਛੱਡਣ ਨੂੰ ਕਿਹਾ ਹੈ।

You May Also Like

Leave a Reply

Your email address will not be published. Required fields are marked *