ਹਾਊਸ ਆਫ ਕਾਮਨਜ਼ ‘ਚ ਜਗਮੀਤ ਸਿੰਘ ਦਾ ਸਮਰਥਨ ਕਰਨਗੇ ਗਾਇ ਕੈਰਨ

ਓਨਟਾਰੀਓ – ਕਿਊਬਿਕ ਤੋਂ ਐੱਮ. ਪੀ. ਗਾਇ ਕੈਰਨ, ਜਿਹੜੇ ਧਾਰਮਿਕ ਚਿੰਨ੍ਹਾਂ ਅਤੇ ਧਰਮਨਿਰਪੱਖਤਾ ਦੀ ਲੜਾਈ ਨੂੰ ਐਨ. ਡੀ. ਪੀ. ਦੀ ਲੀਡਰਸ਼ਿਪ ਦੌੜ ਤੱਕ ਖਿੱਚ ਲਿਆਏ ਸਨ, ਹੁਣ ਪਾਰਲੀਆਮੈਂਟ ‘ਚ ਪਾਰਟੀ ਦੀ ਅਗਵਾਈ ਕਰਨਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਨਵ-ਨਿਯੁਕਤ ਆਗੂ ਜਗਮੀਤ ਸਿੰਘ ਕੋਲ ਸੀਟ ਨਹੀਂ ਹੈ।
ਜਗਮੀਤ ਸਿੰਘ ਅਤੇ ਕੈਰਨ ਨੇ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਹਾਊਸ ਆਫ ਕਾਮਨਜ਼ ਦੇ ਬਾਹਰ ਪਾਰਟੀ ਦੇ ਐਮ.ਪੀਜ਼. ਸਾਹਮਣੇ ਦੋਵਾਂ ਨੇ ਇਕ ਦੂਜੇ ਨੂੰ ਗਲੇ ਲਗਾਇਆ। ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਇਸ ਲਈ ਕੈਰਨ ਦੀ ਚੋਣ ਕੀਤੀ ਹੈ ਤਾਂ ਕਿ ਕਿਊਬਿਕ ਦੀ ਅਹਿਮੀਅਤ ਵਿਖਾਈ ਜਾ ਸਕੇ। ਕਿਊਬਿਕ ‘ਚ ਪਾਰਟੀ ਕੋਲ 44 ‘ਚੋਂ 16 ਸੀਟਾਂ ਹਨ। ਪਾਰਟੀ ਨੇ 2011 ‘ਚ ਜੈੱਕ ਲੇਯਟਨ ਦੀ ਅਗਵਾਈ ‘ਚ ਇੱਥੇ ਇਤਿਹਾਸਕ ਪ੍ਰਾਪਤੀ ਕੀਤੀ ਸੀ।
ਜਗਮੀਤ ਸਿੰਘ ਖਿਲਾਫ ਲੀਡਰਸ਼ਿਪ ਦੌੜ ‘ਚ ਹਿੱਸਾ ਲੈਣ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੇ ਕੈਰਨ ਇਹ ਸਪਸ਼ਟ ਕਰ ਚੁੱਕੇ ਹਨ ਕਿ ਫਰੈਂਚ ਬੋਲਣ ਵਾਲੇ ਪ੍ਰੋਵਿੰਸ ‘ਚ ਜਿੱਤ ਹਾਸਲ ਕੀਤੇ ਬਿਨਾਂ ਜਨਰਲ ਚੋਣਾਂ ‘ਚ ਜਿੱਤ ਦਰਜ ਨਹੀਂ ਕਰਵਾਈ ਜਾ ਸਕਦੀ। ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਨਾ ਸਿਰਫ ਉੱਥੇ ਸੀਟਾਂ ਜਿੱਤਣ ‘ਚ ਕਾਮਯਾਬ ਰਹਾਂਗੇ ਸਗੋਂ ਅਸੀਂ ਆਪਣਾ ਆਧਾਰ ਵੀ ਮਜ਼ਬੂਤ ਕਰਾਂਗੇ। ਸਾਡੀਆਂ ਕਦਰਾਂ ਕੀਮਤਾਂ ‘ਤੇ ਕਿਊਬਿਕ ਲਈ ਸਾਡੇ ਕੋਲ ਜਿਹੜੀ ਖਾਸ ਪੇਸ਼ਕਸ਼ ਹੈ, ਉਸ ਨਾਲ ਅਸੀਂ ਯਕੀਨਨ ਪਾਰਟੀ ਦਾ ਉੱਥੇ ਪਸਾਰ ਕਰਨ ‘ਚ ਕਾਮਯਾਬ ਰਹਾਂਗੇ।
ਜਗਮੀਤ ਸਿੰਘ 2011 ਤੋਂ ਬਰੈਂਪਟਨ ‘ਚ ਐਮ. ਪੀ. ਹਨ। ਉਨ੍ਹਾਂ ਆਖਿਆ ਕਿ ਉਹ ਜਲਦ ਤੋਂ ਜਲਦ ਕੁਈਨਜ਼ ਪਾਰਕ ਵਿਚਲੀ ਆਪਣੀ ਸੀਟ ਤੋਂ ਅਸਤੀਫਾ ਦੇਣਾ ਚਾਹੁੰਦੇ ਹਨ ਪਰ ਉਨ੍ਹਾਂ 2019 ਦੀਆਂ ਚੋਣਾਂ ਤੋਂ ਪਹਿਲਾਂ ਫੈਡਰਲ ਐਮ. ਪੀ. ਬਣਨ ਦਾ ਕੋਈ ਵਾਅਦਾ ਨਹੀਂ ਕੀਤਾ। ਇਸ ਦੌਰਾਨ ਕੈਰਨ ਨੇ ਮੰਨਿਆ ਕਿ ਹਾਊਸ ਆਫ ਕਾਮਨਜ਼ ‘ਚ ਟੌਮ ਮਲਕੇਅਰ ਦੀ ਥਾਂ ਲੈਣ ਦੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ‘ਤੇ ਆ ਪਈ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਹਾਊਸ ਆਫ ਕਾਮਨਜ਼ ‘ਚ ਜਗਮੀਤ ਸਿੰਘ ਦੀ ਆਵਾਜ਼ ਬਣਨਗੇ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨਗੇ।

You May Also Like

Leave a Reply

Your email address will not be published. Required fields are marked *