ਗੋਲਮਾਲ ਅਗੇਨ’ ਅਤੇ ‘ਇਸਤਰੀ’ ਵਰਗੀਆਂ ਸਫਲ ਫਿਲਮਾਂ ਨੇ ਹਿੰਦੀ ਫਿਲਮ ਇੰਡਸਟਰੀ ਨੂੰ ਹਾਰਰ ਕਾਮੇਡੀ ਬਣਾਉਣ ਦੀ ਹੱਲਾਸ਼ੇਰੀ ਦਿੱਤੀ ਹੈ। ਇਨ੍ਹਾਂ ਫਿਲਮਾਂ ਨੂੰ ਵੇਖਦਿਆਂ ਹੁਣ ਇਕ ਹੋਰ ਹਾਰਰ ਕਾਮੇਡੀ ਫਿਲਮ ਬਣਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਇਸ ਫਿਲਮ ‘ਚ ਮੁੱਖ ਭੂਮਿਕਾ ਨਿਭਾਏਗੀ। ਫਿਲਮ ਦਾ ਨਾਂ ‘ਕੋਕਾ ਕੋਲਾ’ ਦੱਸਿਆ ਗਿਆ ਹੈ। ਇਸ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਵੇਗੀ। ਇਹ ਸ਼ੂਟਿੰਗ ਜ਼ਿਆਦਾਤਰ ਦੇਹਰਾਦੂਨ ਅਤੇ ਮਸੂਰੀ ਆਦਿ ਦੇ ਪੇਂਡੂ ਇਲਾਕਿਆਂ ‘ਚ ਕੀਤੀ ਜਾਵੇਗੀ।
ਇਸ ਫਿਲਮ ਨੂੰ ਮਹਿੰਦਰਾ ਧਾਰੀਵਾਲ ਪ੍ਰੋਡਿਊਸ ਕਰੇਗਾ। ਸੂਤਰਾਂ ਮੁਤਾਬਕ ਨਿਰਮਾਤਾ ਨੇ ਖ਼ੁਦ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਹਾਰਰ ਕਾਮੇਡੀ ਫਿਲਮ ਲਈ ਸੰਨੀ ਲਿਓਨੀ ਨੂੰ ਸਾਈਨ ਕੀਤਾ ਹੈ। ਨਿਰਮਾਤਾ ਅਨੁਸਾਰ ਇਸ ਵਕਤ ਅਜਿਹੀਆਂ ਫਿਲਮਾਂ ਨੂੰ ਦਰਸ਼ਕਾਂ ਖ਼ੂਬ ਪਸੰਦ ਕਰ ਰਹੇ ਹਨ। ਇਸ ਗੱਲ ਨੂੰ ਵੇਖਦੇ ਹੋਏ ਉਨ੍ਹਾਂ ਨੇ ਅਜਿਹੀ ਫਿਲਮ ਬਣਾਉਣ ਦਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਅਜੇ ਇਸ ਫਿਲਮ ਲਈ ਕੇਵਲ ਸੰਨੀ ਨੂੰ ਹੀ ਫਾਈਨਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੰਨੀ ਲਿਓਨੀ ਪਹਿਲਾਂ ਵੀ ਬਾਲੀਵੁੱਡ ਫਿਲਮ ‘ਰਾਗਨੀ ਐੱਮਐੱਮਐੱਸ 2’ ‘ਚ ਇਸ ਫਿਲਮ ਨਾਲ ਮਿਲਦੀ-ਜੁਲਦੀ ਭੂਮਿਕਾ ਨਿਭਾ ਚੁੱਕੀ ਹੈ। ਵੈਸੇ, ਪਿਛਲੇ ਕੁਝ ਸਮੇਂ ਤੋਂ ਸੰਨੀ ਨੇ ਕੋਈ ਬਾਲੀਵੁੱਡ ਫਿਲਮ ਨਹੀਂ ਕੀਤੀ ਹੈ। ਉਸ ਦੀ ਆਖ਼ਰੀ ਰਿਲੀਜ਼ ਹੋਈ ਫਿਲਮ ‘ਤੇਰਾ ਇੰਤਜ਼ਾਰ’ ਸੀ, ਜੋ ਸਾਲ 2017 ‘ਚ ਰਿਲੀਜ਼ ਹੋਈ ਸੀ। ਇਸ ‘ਚ ਉਸ ਨਾਲ ਅਰਬਾਜ਼ ਖ਼ਾਨ ਵੀ ਨਜ਼ਰ ਆਇਆ ਸੀ।