ਹਿਮਾਚਲ ਚੋਣਾਂ: ਭਾਜਪਾ ਅਤੇ ਕਾਂਗਰਸ ਨੇ ਉਮੀਦਵਾਰ ਐਲਾਨੇ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 9 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਹਾਕਮ ਕਾਂਗਰਸ ਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ। ਭਾਜਪਾ ਨੇ ਜਿਥੇ ਸਾਰੀਆਂ 68 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਉਥੇ ਕਾਂਗਰਸ ਨੇ ਹਾਲੇ 59 ਉਮੀਦਵਾਰ ਹੀ ਐਲਾਨੇ ਹਨ ਤੇ 9 ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਕਾਂਗਰਸ ਨੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਅਰਕੀ ਹਲਕੇ ਤੋਂ ਟਿਕਟ ਦਿੱਤੀ ਹੈ, ਜਦੋਂਕਿ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਹਮੀਰਪੁਰ ਦੀ ਥਾਂ ਸੁਜਾਨਪੁਰ ਤੋਂ  ਮੈਦਾਨ ਵਿੱਚ ਉਤਾਰਿਆ ਹੈ। ਵਿਰੋਧੀ ਪਾਰਟੀ ਨੇ ਆਪਣੇ ਚਾਰ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਦੇ ਬਾਵਜੂਦ ਪਾਰਟੀ ਨੇ ਔਰਤਾਂ ਨੂੰ ਵੀ ਮਹਿਜ਼ ਛੇ ਹਲਕਿਆਂ ਤੋਂ ਹੀ ਟਿਕਟਾਂ ਦਿੱਤੀਆਂ ਹਨ।
ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੇ ਇਤਰਾਜ਼ਾਂ ਤੇ ਨਾਰਾਜ਼ਗੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਪਾਲਮਪੁਰ ਤੋਂ ਸ੍ਰੀ ਮੋਦੀ ਦੀ ਕਰੀਬੀ ਇੰਦੂ ਗੋਸਵਾਮੀ ਨੂੰ ਉਮੀਦਵਾਰ ਬਣਾਇਆ ਹੈ। ਸ਼ਾਂਤਾ ਕੁਮਾਰ ਦੇ ਖਾਸਮਖ਼ਾਸ ਕਿਸ਼ਨ ਕਪੂਰ ਨੂੰ ਇਕ ਵਾਰੀ ਮੁੜ ਧਰਮਸ਼ਾਲਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਰਹੇ ਅਨਿਲ ਸ਼ਰਮਾ ਨੂੰ ਮੰਡੀ ਸਦਰ ਤੋਂ ਟਿਕਟ ਦਿੱਤੀ ਹੈ। ਸ਼ਿਮਲਾ ਪੇਂਡੂ ਹਲਕੇ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤ ਸਿੰਘ ਦੇ ਖ਼ਿਲਾਫ਼ ਉਨ੍ਹਾਂ ਦੇ ਕਰੀਬੀ ਰਹੇ ਪ੍ਰਮੋਦ ਸ਼ਰਮਾ ਨੂੰ ਉਮੀਦਾਵਰ ਬਣਾਇਆ ਹੈ।
ਕਾਂਗਰਸ ਨੇ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕੇਂਦਰੀ ਚੋਣ ਕਮੇਟੀ ਦੀ ਹੋਈ ਮੈਰਾਥਨ ਬੈਠਕ ਬਾਅਦ ਦੇਰ ਸ਼ਾਮ ਸੂਚੀ ਜਾਰੀ ਕੀਤੀ, ਜਿਸ ਵਿੱਚ 59 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਅਰਕੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ਼ਿਮਲਾ (ਦਿਹਾਤੀ) ਸਮੇਤ ਬਾਕੀ ਬਚਦੇ 9 ਹਲਕਿਆਂ ਲਈ ਉਮੀਦਵਾਰ ਬਾਅਦ ਵਿੱਚ ਐਲਾਨੇ ਜਾਣਗੇ। ਸੂਤਰਾਂ ਮੁਤਾਬਕ ਇਨ੍ਹਾਂ ਹਲਕਿਆਂ ਤੋਂ ਕਈ ਦਾਅਵੇਦਾਰ ਹੋਣ ਕਾਰਨ ਉਮੀਦਵਾਰ ਨਹੀਂ ਐਲਾਨੇ ਗਏ। ਸੀਨੀਅਰ ਆਗੂ ਵਿਦਿਆ ਸਟੋਕਸ ਦੇ ਠਿਓਗ ਤੋਂ ਚੋਣ ਲੜਨ ਦੀ ਸੰਭਾਵਨਾ ਸੀ ਪਰ ਉਨ੍ਹਾਂ ਨੇ ਅੱਜ ਸਿਆਸਤ ਨੂੰ ਅਲਵਿਦਾ ਆਖ ਦਿੱਤੀ।
ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨੂੰ ਨਦੌਣ ਹਲਕੇ ਤੋਂ ਉਤਾਰਿਆ ਗਿਆ ਹੈ। ਮੁੱਖ ਮੰਤਰੀ ਦੇ ਪੁੱਤਰ ਵਿਕਰਮਾਦਿੱਤ ਦਾ ਨਾਂ ਪਹਿਲੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਜਦੋਂ ਕਿ ਵੀਰਭੱਦਰ ਸਿੰਘ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਉਹ ਸ਼ਿਮਲਾ (ਦਿਹਾਤੀ) ਤੋਂ ਹੀ ਚੋਣ ਲੜੇਗਾ।

 ਚੋਣ ਕਮਿਸ਼ਨ ਨੇ ਪ੍ਰਤੀ ਬੂਥ 1400 ਵੋਟਰਾਂ ਦੀ ਹੱਦ ਮਿਥੀ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਆਪਣੇ ਤਾਜ਼ਾ ਹੁਕਮਾਂ ਵਿੱਚ ਪ੍ਰਤੀ ਪੋਲਿੰਗ ਸਟੇਸ਼ਨ 1400 ਕੁ ਹੀ ਵੋਟਰ ਰੱਖਣ ਦੀ ਹਦਾਇਤ ਦਿੱਤੀ ਹੈ। ਇਹ ਫ਼ੈਸਲਾ ਚੋਣਾਂ ਲਈ ਵੀਵੀਪੈਟ ਮਸ਼ੀਨਾਂ ਰਾਹੀਂ ਕਾਗਜ਼ ਦੀ ਪਰਚੀ ਲਾਜ਼ਮੀ ਕੀਤੇ ਜਾਣ ਕਾਰਨ ਲਿਆ ਗਿਆ ਹੈ। ਕਮਿਸ਼ਨ ਮੁਤਾਬਕ ਪੇਪਰਟਰੇਲ ਮਸ਼ੀਨ ਵਿੱਚ ਇਕ ਵਾਰੀ ਪਾਈ ਗਈ ਥਰਮਲ ਕਾਗਜ਼ ਰੀਲ੍ਹ ਨਾਲ 1500 ਪਰਚੀਆਂ ਹੀ ਪ੍ਰਿੰਟ ਕੀਤੀਆਂ ਜਾ ਸਕਦੀਆਂ ਹਨ ਤੇ ਚਲਦੀ ਪੋਲਿੰਗ ਦੌਰਾਨ ਮੁੜ ਕਾਗਜ਼ ਪਾਉਣਾ ਔਖਾ ਕੰਮ ਹੈ। -ਪੀਟੀਆਈ

You May Also Like

Leave a Reply

Your email address will not be published. Required fields are marked *