ਹੁਣ ਤੋਂ ਅਭਿਨੰਦਨ ਦੇ ਅਰਥ ਬਦਲ ਜਾਣਗੇ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਹੁਣ ਤੋਂ ‘ਅਭਿਨੰਦਨ’ ਦੇ ਅਰਥ ਬਦਲ ਜਾਣਗੇ। ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਪਾਕਿਸਤਾਨ ਵੱਲੋਂ ਰਿਹਾਈ ਮਗਰੋਂ ਉਨ੍ਹਾਂ ਕਿਹਾ ਕਿ ਦੁਨੀਆਂ ਇਸ ਗੱਲ ਵੱਲ ਧਿਆਨ ਦੇਵੇਗੀ ਕਿ ਭਾਰਤ ਕੀ ਕਰਦਾ ਹੈ ਅਤੇ ਮੁਲਕ ਸ਼ਬਦਕੋਸ਼ ਦੇ ਅਰਥ ਬਦਲਣ ਦੀ ਤਾਕਤ ਰੱਖਦਾ ਹੈ। ਹਾਊਸਿੰਗ ਮੰਤਰਾਲੇ ਦੇ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ, ‘‘ਅਭਿਨੰਦਨ ਦਾ ਅਰਥ ਸਵਾਗਤ ਹੈ ਪਰ ਹੁਣ ਤੋਂ ਇਸ ਦਾ ਅਰਥ ਬਦਲ ਜਾਵੇਗਾ ਅਤੇ ਇਹੋ ਮੁਲਕ ਦੀ ਤਾਕਤ ਹੈ।’’ ਉਨ੍ਹਾਂ ਕਿਹਾ ਕਿ ਮੁਲਕ ਨੂੰ ਬਹਾਦਰੀ ਨਾਲ ਅੱਗੇ ਵਧਣਾ ਪਏਗਾ। ਪ੍ਰਧਾਨ ਮੰਤਰੀ ਨੇ ‘ਅਪਰੈਲ 2019 ਤੋਂ ਮਾਰਚ 2020’ ਨੂੰ ਉਸਾਰੀ ਅਧੀਨ-ਤਕਨਾਲੋਜੀ ਵਰ੍ਹਾ ਐਲਾਨਿਆ ਹੈ। ਉਨ੍ਹਾਂ ਮੁਲਕ ’ਚ ਹਾਊਸਿੰਗ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਧੁਨਿਕ ਤਕਨਾਲੋਜੀ ਵਰਤਣ ’ਤੇ ਜ਼ੋਰ ਦਿੱਤਾ। ਉਨ੍ਹਾਂ ਹਰੇਕ ਭਾਰਤੀ ਨੂੰ 2022 ਤਕ ਘਰ ਦੇਣ ਦੇ ਮਿਸ਼ਨ ਨੂੰ ਪੂਰਾ ਕਰਨ ’ਚ ਪ੍ਰਾਈਵੇਟ ਸੈਕਟਰ ਤੋਂ ਹਮਾਇਤ ਮੰਗੀ। ਇਸ ਦੌਰਾਨ ਸ੍ਰੀ ਮੋਦੀ ਨੇ ਅਜਮੇਰ ਸ਼ਰੀਫ਼ ਦਰਗਾਹ ’ਤੇ ਚੜ੍ਹਾਉਣ ਲਈ ਚਾਦਰ ਸੌਂਪੀ ਜੋ 807ਵੇਂ ਉਰਸ ਮੌਕੇ ਚੜ੍ਹਾਈ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹਲਕੇ ਅਮੇਠੀ ’ਚ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਆਰਡੀਨੈਂਸ ਫੈਕਟਰੀ ਦਾ ਨੀਂਹ ਪੱਥਰ ਰੱਖਣਗੇ। 2014 ’ਚ ਸੱਤਾ ’ਚ ਆਉਣ ਮਗਰੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ।

You May Also Like

Leave a Reply

Your email address will not be published. Required fields are marked *