ਟਰੰਪ ਨਵੇਂ ਸਿਰਿਓਂ ਪਾਬੰਦੀਆਂ ਲਾਉਣ ਲਈ ਤਿਆਰ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਵਿੱਚ ਪਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਨਵੇਂ ਸਿਰੇ ਤੋਂ ਪਾਬੰਦੀਆਂ ਲਾ ਸਕਦਾ ਹੈ ਕਿਉਂਕਿ ਛੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਉੱਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਪਾਬੰਦੀਆਂ ਐਤਵਾਰ ਨੂੰ ਖਤਮ ਹੋ ਗਈਆਂ ਹਨ।
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਰਾਸ਼ਟਰਪਤੀ ਨੂੰ ਵਿਦੇਸ਼ੀ ਨਾਗਰਿਕਾਂ ਉੱਤੇ ਹੋਰ ਸਖਤ ਪਾਬੰਦੀਆਂ ਲਾਉਣ ਲਈ ਸਿਫਾਰਸ਼ਾਂ ਭੇਜੀਆਂ ਹਨ ਅਤੇ ਅਜੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਉੱਤੇ ਸਹੀ ਪਾਉਣੀ ਹੈ। ਸੂਤਰਾਂ ਨੇ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਇਹ ਨਹੀ ਦੱਸਿਆ ਕਿ ਅੱਜ ਹੀ ਲਾਗੂ ਹੋਣ ਹੋ ਸਕਣ ਵਾਲੀਆਂ ਪਾਬੰਦੀਆਂ ਨਾਲ ਕਿਹੜੇ ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ।
ਕਾਰਜਕਾਰੀ ਗ੍ਰਹਿ ਮੰੰਤਰੀ ਅਲੀਨੇ ਡਿਊਕ ਦੇ ਕੌਂਸਲਰ ਮਾਈਲਜ਼ ਟੇਲਰ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਜੋ ਪਾਬੰਦੀਆਂ ਸੁਝਾਈਆਂ ਹਨ , ਉਹ ਕਾਫੀ ਸਖਤ ਹਨ ਅਤੇ ਕਈ ਦੇਸ਼ਾਂ ਦੀ ਸਕਰੀਨਿੰਗ ਪ੍ਰਕਿਰਿਆ ਵਧਾਈ ਜਾ ਸਕਦੀ ਹੈ। ਜੋ ਮੌਜੂਦਾ ਪਾਬੰਦੀਆਂ ਸਨ, ਉਨ੍ਹਾਂ ਵਿੱਚ ਲਿਬੀਆ ਸੁਮਾਲੀਆ, ਸੁਡਾਨ, ਸੀਰੀਆ ਅਤੇ ਯਮਨ ਆਦਿ ਦੇਸ਼ ਤੋਂ ਆਉਣ ਵਾਲੇ ਲੋਕ ਸ਼ਾਮਲ ਹਨ। ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਅਮਰੀਕਾ ਵਿੱਚ ਰਹਿੰਦੇ ਵਿਅਕਤੀ ਨੂੰ ਮਿਲਣ ਆਉਣ ਬਾਰੇ ਤਸੱਲੀਯੋਗ ਜਾਣਕਾਰੀ ਦੇਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਹੁਕਮਾਂ ਤੋਂ ਬਾਅਦ ਵੱਖ- ਵੱਖ ਪੱਧਰ ਉੱਤੇ ਪੈਦਾ ਹੋਏ ਵਿਵਾਦ ਨੂੰ ਧਿਆਨ ਵਿੱਚ ਰੱਖਦਿਆਂ ਨਵੀਂਆਂ ਪਾਬੰਦੀਆਂ ਲਾਉਣ ਤੋਂ ਪਹਿਲਾਂ ਅਜਿਹੇ ਮਸਲਿਆਂ ਬਾਰੇ ਕਾਫੀ ਸੋਚਿਆ ਗਿਆ ਹੈ।